- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ: ਭਾਰਤ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਥੇ ਵਿੱਚ ਸ਼ਾਮਲ ਸ਼ਰਧਾਲੂਆਂ ਕੋਲ ਭਾਰਤ ਆਉਣ ਲਈ ਵੈਧ ਵੀਜ਼ੇ ਹੋਣ ਦੇ ਬਾਵਜੂਦ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਐਨ.ਓ.ਸੀ. ਦੀ ਮੰਗ ਕੀਤੀ ਗਈ। ਇਸ ਕਾਰਨ ਸ਼ਰਧਾਲੂਆਂ ਨੂੰ ਭਾਰਤ ਲਈ ਆਪਣੀ ਯਾਤਰਾ ਜਾਰੀ ਰੱਖਣ ਤੋਂ ਰੋਕ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਪੂਰੀ ਰਾਤ ਇਸਲਾਮਾਬਾਦ ਏਅਰਪੋਰਟ ’ਤੇ ਹੀ ਗੁਜ਼ਾਰਨੀ ਪਈ।
ਜਾਣਕਾਰੀ ਮੁਤਾਬਕ ਇਹ ਜਥਾ ਦੁਬਈ ਰਾਹੀਂ ਭਾਰਤ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਹੇਮਕੁੰਟ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ ਸੀ। ਸ਼ਰਧਾਲੂਆਂ ਨੇ ਇਸ ਧਾਰਮਿਕ ਯਾਤਰਾ ਲਈ ਪਹਿਲਾਂ ਹੀ ਆਪਣੀਆਂ ਹਵਾਈ ਟਿਕਟਾਂ, ਰਹਿਣ-ਸਹਿਣ ਅਤੇ ਹੋਰ ਪ੍ਰਬੰਧਾਂ ’ਤੇ ਵੱਡੀ ਰਕਮ ਖਰਚ ਕੀਤੀ ਹੋਈ ਸੀ। ਉਨ੍ਹਾਂ ਅਨੁਸਾਰ ਕਈ ਯਾਤਰੀਆਂ ਦੀਆਂ ਟਿਕਟਾਂ ਦੀ ਕੀਮਤ ਕਰੀਬ ਦੋ-ਦੋ ਲੱਖ ਰੁਪਏ ਤੱਕ ਸੀ। ਆਖਰੀ ਸਮੇਂ ’ਤੇ ਏਅਰਪੋਰਟ ’ਤੇ ਰੋਕ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਦੇ ਨਾਲ-ਨਾਲ ਭਾਰੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਬਜ਼ੁਰਗ ਸ਼ਰਧਾਲੂ ਵੀ ਹੋਏ ਪਰੇਸ਼ਾਨ
ਜਥੇ ਵਿੱਚ ਸ਼ਾਮਲ ਬਜ਼ੁਰਗ ਸ਼ਰਧਾਲੂਆਂ ਨੇ ਇਸ ਘਟਨਾ ’ਤੇ ਦੁੱਖ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਵੱਡੀ ਸ਼ਰਧਾ ਨਾਲ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਲੰਬੀ ਯਾਤਰਾ ਤੋਂ ਬਾਅਦ ਏਅਰਪੋਰਟ ’ਤੇ ਰੋਕ ਦਿੱਤੇ ਜਾਣ ਅਤੇ ਰਾਤ ਉੱਥੇ ਹੀ ਗੁਜ਼ਾਰਨ ਦੀ ਸਥਿਤੀ ਨੇ ਉਨ੍ਹਾਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਧਾਰਮਿਕ ਯਾਤਰਾ ਨੂੰ ਲੈ ਕੇ ਉਨ੍ਹਾਂ ਨੇ ਲੰਬੇ ਸਮੇਂ ਤੋਂ ਤਿਆਰੀ ਕੀਤੀ ਸੀ ਅਤੇ ਇਸ ਲਈ ਆਪਣੀ ਸਮਰੱਥਾ ਅਨੁਸਾਰ ਵੱਡੀ ਰਕਮ ਖਰਚ ਕੀਤੀ ਸੀ।
ਸ਼ਰਧਾਲੂਆਂ ਨੇ ਸਵਾਲ ਉਠਾਇਆ ਕਿ ਜੇਕਰ ਭਾਰਤ ਜਾਣ ਲਈ ਐਨ.ਓ.ਸੀ. ਦੀ ਕੋਈ ਲਾਜ਼ਮੀ ਸ਼ਰਤ ਸੀ ਤਾਂ ਇਸ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਯਾਤਰਾ ਲਈ ਹੋਰ ਲੋੜੀਂਦੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਗਈਆਂ ਸਨ ਅਤੇ ਉਨ੍ਹਾਂ ਕੋਲ ਵੈਧ ਵੀਜ਼ੇ ਮੌਜੂਦ ਸਨ ਤਾਂ ਆਖਰੀ ਸਮੇਂ ’ਤੇ ਐਨ.ਓ.ਸੀ. ਦੇ ਨਾਂ ’ਤੇ ਰੋਕਣਾ ਸਮਝ ਤੋਂ ਬਾਹਰ ਹੈ।
ਇਸ ਮਾਮਲੇ ’ਤੇ ਭਾਜਪਾ ਪੰਜਾਬ ਦੇ ਸਕੱਤਰ ਰੰਜਮ ਕਾਮਰਾ ਨੇ ਵੀ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਆ ਰਹੇ ਸਿੱਖ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਖੱਜਲ-ਖੁਆਰ ਕਰਨਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਕਿਸੇ ਸਿਆਸੀ ਮਕਸਦ ਲਈ ਨਹੀਂ, ਸਗੋਂ ਧਾਰਮਿਕ ਆਸਥਾ ਅਤੇ ਸ਼ਰਧਾ ਨਾਲ ਗੁਰਧਾਮਾਂ ਦੇ ਦਰਸ਼ਨਾਂ ਲਈ ਯਾਤਰਾ ਕਰ ਰਹੇ ਸਨ। ਅਜਿਹੇ ਵਿੱਚ ਉਨ੍ਹਾਂ ਨੂੰ ਏਅਰਪੋਰਟ ’ਤੇ ਰੋਕ ਕੇ ਪੂਰੀ ਰਾਤ ਪਰੇਸ਼ਾਨ ਕਰਨਾ ਠੀਕ ਨਹੀਂ ਹੈ।
ਰੰਜਮ ਕਾਮਰਾ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਇਮੀਗ੍ਰੇਸ਼ਨ ਨਿਯਮਾਂ ਤਹਿਤ ਕਿਸੇ ਖਾਸ ਕਿਸਮ ਦੀ ਐਨ.ਓ.ਸੀ. ਦੀ ਲੋੜ ਸੀ ਤਾਂ ਇਸ ਦੀ ਜਾਣਕਾਰੀ ਸ਼ਰਧਾਲੂਆਂ ਨੂੰ ਯਾਤਰਾ ਤੋਂ ਪਹਿਲਾਂ ਹੀ ਸਪੱਸ਼ਟ ਤੌਰ ’ਤੇ ਦਿੱਤੀ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਆਖਰੀ ਮੌਕੇ ’ਤੇ ਨਵੀਂ ਸ਼ਰਤ ਸਾਹਮਣੇ ਆਉਣ ਨਾਲ ਸ਼ਰਧਾਲੂਆਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਅਤੇ ਉਨ੍ਹਾਂ ਦੀ ਧਾਰਮਿਕ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾਵਾਂ ਨੂੰ ਬੇਲੋੜੀਆਂ ਪ੍ਰਸ਼ਾਸਨਿਕ ਰੁਕਾਵਟਾਂ ਵਿੱਚ ਨਹੀਂ ਫਸਾਇਆ ਜਾਣਾ ਚਾਹੀਦਾ। ਦੋਵਾਂ ਦੇਸ਼ਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਰਾਹੀਂ ਅਜਿਹੇ ਮਾਮਲਿਆਂ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸ਼ਰਧਾਲੂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਧਾਰਮਿਕ ਯਾਤਰਾਵਾਂ ਨੂੰ ਸੁਖਾਲਾ ਬਣਾਉਣ ਦੀ ਮੰਗ
ਸਿੱਖ ਜਥੇ ਨੂੰ ਰੋਕੇ ਜਾਣ ਦੀ ਘਟਨਾ ਨੇ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਦਰਮਿਆਨ ਧਾਰਮਿਕ ਯਾਤਰਾਵਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਗੁਰਧਾਮ ਕਿਸੇ ਇੱਕ ਦੇਸ਼ ਦੀਆਂ ਹੱਦਾਂ ਤੱਕ ਸੀਮਤ ਨਹੀਂ ਹਨ, ਸਗੋਂ ਦੁਨੀਆ ਭਰ ਦੀ ਸਿੱਖ ਸੰਗਤ ਦੀ ਆਸਥਾ ਦਾ ਕੇਂਦਰ ਹਨ। ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਸਬੰਧਤ ਵਿਭਾਗਾਂ ਨੂੰ ਧਾਰਮਿਕ ਯਾਤਰਾਵਾਂ ਲਈ ਸਪੱਸ਼ਟ, ਸਰਲ ਅਤੇ ਪਾਰਦਰਸ਼ੀ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ।