ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਨੇ ਵੱਖ-ਵੱਖ ਸੇਵਾ ਕਾਰਜ ਕਰਵਾਏ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਫਾਜ਼ਿਲਕਾ ਵੱਲੋਂ ਬਾਬਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵੱਖ-ਵੱਖ ਸੇਵਾ ਕਾਰਜ ਕਰਵਾਏ
Publish Date: Wed, 25 Nov 2026 04:09 PM (IST)
Updated Date: Wed, 25 Nov 2026 04:10 PM (IST)
ਰਮਨ ਕੁਮਾਰ, ਪੰਜਾਬੀ ਜਾਗਰਣ, ਫਾਜ਼ਿਲਕਾ : ਸ੍ਰੀ ਸਤਿਆ ਸਾਈਂ ਬਾਬਾ ਜੀ ਦੇ 101ਵੇਂ ਜਨਮ ਦਿਵਸ ਨੂੰ ਸਮਰਪਿਤ ਸ੍ਰੀ ਸਤਿਆ ਸਾਈਂ ਸੇਵਾ ਸਮਿਤੀ ਫਾਜ਼ਿਲਕਾ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਸੇਵਾ ਕਾਰਜ ਅਤੇ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਸਮਿਤੀ ਦੇ ਮੈਂਬਰਾਂ ਨੇ ਸੇਵਾ ਅਤੇ ਭਗਤੀ ਭਾਵਨਾ ਨਾਲ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 11 ਵਜੇ ਸਥਾਨਕ ਆਰੀਆ ਪੁੱਤਰੀ ਪਾਠਸ਼ਾਲਾ ਵਿਖੇ ਓਮਕਾਰ ਉਚਾਰਨ ਅਤੇ ਗਾਇਤਰੀ ਮੰਤਰ ਨਾਲ ਕੀਤੀ ਗਈ। ਇਸ ਮੌਕੇ 30 ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ ਅਤੇ ਬਾਅਦ ’ਚ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਦੌਰਾਨ ਕੰਵਲ ਕਿਸ਼ੋਰ ਗਰੋਵਰ, ਨੀਲਮ ਸਚਦੇਵਾ ਅਤੇ ਅਸ਼ਵਨੀ ਆਹੂਜਾ ਨੇ ਸ੍ਰੀ ਸਤਿਆ ਸਾਈਂ ਬਾਬਾ ਜੀ ਦੇ ਜੀਵਨ, ਸਿੱਖਿਆਵਾਂ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਦੁਪਹਿਰ ਸਮੇਂ ਸਥਾਨਕ ਗੀਤਾ ਭਵਨ ਵਿਖੇ ਲੋੜਵੰਦ ਲੋਕਾਂ ਲਈ ਨਾਰਾਇਣ ਸੇਵਾ ਕੀਤੀ ਗਈ। ਇਸੇ ਲੜੀ ਤਹਿਤ ਸ਼ਾਮ ਨੂੰ ਨੰਦੀਸ਼ਾਲਾ ਵਿਖੇ 160 ਕਿਲੋ ਗੁੜ ਪਾਇਆ ਗਿਆ। ਇਸ ਉਪਰੰਤ ਆਹੂਜਾ ਸਟਰੀਟ ਵਿਖੇ ਸੇਠ ਪਰਮਾਨੰਦ ਆਹੂਜਾ ਦੇ ਨਿਵਾਸ ਸਥਾਨ ’ਤੇ ਸ੍ਰੀ ਸਤਿਆ ਸਾਈਂ ਬਾਬਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਭਜਨ ਸੰਧਿਆ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਕੀਤੀ। ਇਸ ਮੌਕੇ ਓਪੀ ਸਚਦੇਵਾ, ਸੁਭਾਸ਼ ਬੱਬਰ, ਸਾਈਂ ਪ੍ਰੇਮੀ ਜੀ, ਅਸ਼ਵਨੀ ਕੁਮਾਰ ਆਹੂਜਾ, ਅੰਮ੍ਰਿਤ ਲਾਲ ਛਾਬੜਾ, ਰੋਸ਼ਨ ਲਾਲ ਗੁੰਬਰ, ਮਹੇਸ਼ ਬੱਬਰ, ਅਸ਼ਵਨੀ ਸ਼ਰਮਾ, ਚੰਦਨ ਸ਼ਰਮਾ, ਕੇਵਲ ਸਚਦੇਵਾ, ਪੰਕਜ ਗੋਕਲਾਨੀ, ਨਰੇਸ਼ ਗੁੰਬਰ ਆਦਿ ਮੌਜੂਦ ਸਨ।