ਸਬ ਜੇਲ੍ਹ ਫ਼ਾਜ਼ਿਲਕਾ ’ਚ ਭੈਣਾਂ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਰੱਖੜੀ, ਭਾਵੁਕ ਹੋਇਆ ਮਾਹੌਲ
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਬ ਜੇਲ੍ਹ ’ਚ ਸਵੇਰ ਤੋਂ ਹੀ ਭੈਣਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਆਪਣੇ ਭਰਾਵਾਂ ਨੂੰ ਮਿਲਣ ਲਈ ਪਹੁੰਚੀਆਂ ਭੈਣਾਂ ਦੇ ਚਿਹਰਿਆਂ ’ਤੇ ਜਿੱਥੇ ਆਪਣੇ ਭਰਾ ਨੂੰ ਮਿਲਣ ਦੀ ਖੁਸ਼ੀ ਦਿਖਾਈ ਦੇ ਰਹੀ ਸੀ, ਉੱਥੇ ਹੀ ਲੰਬੇ ਸਮੇਂ ਬਾਅਦ ਮਿਲਣ ਕਾਰਨ ਕਈ ਭੈਣਾਂ ਭਾਵੁਕ ਵੀ ਨਜ਼ਰ ਆਈਆਂ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਅਤੇ ਮਿਠਾਈ ਖੁਆ ਕੇ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
Publish Date: Fri, 28 Aug 2026 01:41 PM (IST)
Updated Date: Fri, 28 Aug 2026 01:44 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫ਼ਾਜ਼ਿਲਕਾ। ਭੈਣ-ਭਰਾ ਦੇ ਪਵਿੱਤਰ ਪਿਆਰ, ਵਿਸ਼ਵਾਸ ਅਤੇ ਸਨੇਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਵੀ ਭਾਵਨਾਤਮਕ ਮਾਹੌਲ ’ਚ ਮਨਾਇਆ ਗਿਆ। ਇਸ ਮੌਕੇ ਜੇਲ੍ਹ ’ਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਭੈਣਾਂ ਪਹੁੰਚੀਆਂ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਬ ਜੇਲ੍ਹ ’ਚ ਸਵੇਰ ਤੋਂ ਹੀ ਭੈਣਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਆਪਣੇ ਭਰਾਵਾਂ ਨੂੰ ਮਿਲਣ ਲਈ ਪਹੁੰਚੀਆਂ ਭੈਣਾਂ ਦੇ ਚਿਹਰਿਆਂ ’ਤੇ ਜਿੱਥੇ ਆਪਣੇ ਭਰਾ ਨੂੰ ਮਿਲਣ ਦੀ ਖੁਸ਼ੀ ਦਿਖਾਈ ਦੇ ਰਹੀ ਸੀ, ਉੱਥੇ ਹੀ ਲੰਬੇ ਸਮੇਂ ਬਾਅਦ ਮਿਲਣ ਕਾਰਨ ਕਈ ਭੈਣਾਂ ਭਾਵੁਕ ਵੀ ਨਜ਼ਰ ਆਈਆਂ। ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੀ ਅਤੇ ਮਿਠਾਈ ਖੁਆ ਕੇ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਭੈਣਾਂ ਨੇ ਕਿਹਾ ਕਿ ਰੱਖੜੀ ਸਿਰਫ਼ ਇੱਕ ਧਾਗਾ ਨਹੀਂ, ਸਗੋਂ ਭੈਣ-ਭਰਾ ਦੇ ਅਟੁੱਟ ਰਿਸ਼ਤੇ, ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਭਾਵੇਂ ਉਨ੍ਹਾਂ ਦੇ ਭਰਾ ਇਸ ਸਮੇਂ ਜੇਲ੍ਹ ’ਚ ਹਨ ਪਰ ਪਰਿਵਾਰਕ ਰਿਸ਼ਤਿਆਂ ਦੀਆਂ ਭਾਵਨਾਵਾਂ ਕਦੇ ਵੀ ਦੂਰ ਨਹੀਂ ਹੁੰਦੀਆਂ। ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ।
ਰੱਖੜੀ ਬੰਨ੍ਹਣ ਦੌਰਾਨ ਕਈ ਭੈਣਾਂ ਨੇ ਆਪਣੇ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀ ’ਚ ਚੰਗੇ ਰਾਹ ’ਤੇ ਚੱਲਣ ਅਤੇ ਭਵਿੱਖ ’ਚ ਅਜਿਹੀ ਸਥਿਤੀ ਦੁਬਾਰਾ ਨਾ ਆਉਣ ਦੇਣ। ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਪਿਆਰ ਅਤੇ ਸਤਿਕਾਰ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਗੱਲ ਆਖੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਗੁਰਦਿੱਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪਵਿੱਤਰ ਤਿਉਹਾਰ ਹੈ। ਇਸ ਮੌਕੇ ਸਬ ਜੇਲ੍ਹ ਫ਼ਾਜ਼ਿਲਕਾ ’ਚ ਬੰਦ ਵਿਅਕਤੀਆਂ ਦੀਆਂ ਭੈਣਾਂ ਨੂੰ ਆਪਣੇ ਭਰਾਵਾਂ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਰਹਿਣ ਦੇ ਬਾਵਜੂਦ ਬੰਦੀਆਂ ਦੇ ਆਪਣੇ ਪਰਿਵਾਰਾਂ ਨਾਲ ਮਜ਼ਬੂਤ ਭਾਵਨਾਤਮਕ ਰਿਸ਼ਤੇ ਹੁੰਦੇ ਹਨ ਅਤੇ ਅਜਿਹੇ ਤਿਉਹਾਰ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਜੁੜਨ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਜੇਲ੍ਹ ’ਚ ਬੰਦ ਵਿਅਕਤੀਆਂ ਨੂੰ ਸਮਾਜ ਅਤੇ ਪਰਿਵਾਰ ਨਾਲ ਜੁੜੇ ਰਹਿਣ ਦੀ ਭਾਵਨਾ ਦਿੰਦੇ ਹਨ। ਪਰਿਵਾਰ ਦਾ ਸਹਿਯੋਗ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਸੁਧਾਰ ਲਿਆਉਣ ਅਤੇ ਭਵਿੱਖ ਵਿੱਚ ਸਹੀ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕਰ ਸਕਦਾ ਹੈ।
ਰੱਖੜੀ ਦੇ ਮੌਕੇ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਗਈ ਰੱਖੜੀ ਨੇ ਇਹ ਸੰਦੇਸ਼ ਦਿੱਤਾ ਕਿ ਪਰਿਵਾਰਕ ਪਿਆਰ ਅਤੇ ਰਿਸ਼ਤੇ ਸਮੇਂ ਅਤੇ ਹਾਲਾਤਾਂ ਦੀਆਂ ਹੱਦਾਂ ਤੋਂ ਉੱਪਰ ਹੁੰਦੇ ਹਨ। ਭੈਣਾਂ ਲਈ ਆਪਣੇ ਭਰਾ ਦੀ ਕਲਾਈ ’ਤੇ ਰੱਖੜੀ ਬੰਨ੍ਹਣਾ ਇਸ ਪਵਿੱਤਰ ਤਿਉਹਾਰ ਦੀ ਸਭ ਤੋਂ ਵੱਡੀ ਖੁਸ਼ੀ ਹੈ।