ਫਾਜ਼ਿਲਕਾ ਵਿੱਚ ਬੜੀ ਧੂਮਧਾਮ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਫਾਜ਼ਿਲਕਾ ਵਿੱਚ ਬੜੀ ਧੂਮਧਾਮ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Publish Date: Sat, 05 Sep 2026 04:38 PM (IST)
Updated Date: Sat, 05 Sep 2026 04:40 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਫਾਜ਼ਿਲਕਾ ਸ਼ਹਿਰ ਵਿੱਚ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ ਅਤੇ ਸੁੰਦਰ ਸਜਾਵਟ ਨਾਲ ਸ਼ਿੰਗਾਰਿਆ ਗਿਆ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਵਿਸ਼ੇਸ਼ ਦਰਬਾਰ ਸਜਾਏ ਗਏ, ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸ਼ਹਿਰ ਦੇ ਮੰਦਰ ਦੁੱਖ ਨਿਵਾਰਨ ਸ੍ਰੀ ਬਾਲਾ ਜੀ ਧਾਮ, ਸ੍ਰੀ ਰਾਮ ਮੰਦਰ, ਸਿੱਧ ਸ੍ਰੀ ਦੁਰਗਿਆਣਾ ਮੰਦਰ, ਹਨੂੰਮਾਨ ਮੰਦਰ ਟਰੱਕ ਯੂਨੀਅਨ, ਸ਼ਹਿਰ ਦੇ ਗੀਤਾ ਭਵਨ ਮੰਦਰ, ਸ੍ਰੀ ਸਾਧੂ ਆਸ਼ਰਮ, ਕਾਲਜ ਰੋਡ ਸਥਿਤ ਸਿੱਧ ਸ੍ਰੀ ਹਨੂੰਮਾਨ ਮੰਦਰ, ਸ੍ਰੀ ਬਾਂਕੇ ਬਿਹਾਰੀ ਮੰਦਰ, ਸ੍ਰੀ ਬਾਲਮੀਕੀ ਸਮਾਜ ਮੰਦਰ ਅਤੇ ਸ੍ਰੀ ਬਾਲਾ ਜੀ ਬਾਬੋਸਾ ਮੰਦਰ ਸਮੇਤ ਹੋਰਨਾਂ ਧਾਰਮਿਕ ਸਥਾਨਾਂ ’ਤੇ ਜਨਮ ਅਸ਼ਟਮੀ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਜਨਮ ਅਸ਼ਟਮੀ ਮੌਕੇ ਮੰਦਰਾਂ ਵਿੱਚ ਦੇਰ ਸ਼ਾਮ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ। ਸ਼ਾਮ ਹੁੰਦੇ ਹੀ ਮੰਦਰਾਂ ਵਿੱਚ ਭਗਤਾਂ ਦੀ ਭੀੜ ਵਧ ਗਈ। ਸ਼ਰਧਾਲੂਆਂ ਵੱਲੋਂ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਭਜਨ-ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ। ਕਈ ਮੰਦਰਾਂ ਵਿੱਚ ਧਾਰਮਿਕ ਝਾਕੀਆਂ ਵੀ ਸਜਾਈਆਂ ਗਈਆਂ, ਜਿਨ੍ਹਾਂ ਨੇ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਿਆ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਬਾਲ ਸਰੂਪ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ। ਨੰਨੇ-ਮੁੰਨੇ ਬੱਚੇ ਵੀ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਵਿੱਚ ਤਿਆਰ ਹੋ ਕੇ ਸਮਾਗਮਾਂ ਵਿੱਚ ਸ਼ਾਮਲ ਹੋਏ। ਬੱਚਿਆਂ ਦੀਆਂ ਮਨਮੋਹਕ ਝਾਕੀਆਂ ਅਤੇ ਰਾਧਾ-ਕ੍ਰਿਸ਼ਨ ਦੇ ਸਰੂਪ ਨੇ ਧਾਰਮਿਕ ਮਾਹੌਲ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਇਸ ਦੌਰਾਨ ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਸਮੇਂ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ। ਜਿਵੇਂ ਹੀ ਰਾਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪ੍ਰਗਟ ਹੋਣ ਦਾ ਸਮਾਂ ਹੋਇਆ ਤਾਂ ਮੰਦਰਾਂ ਵਿੱਚ ਘੰਟੀਆਂ ਅਤੇ ਸ਼ੰਖਾਂ ਦੀਆਂ ਧੁਨਾਂ ਗੂੰਜ ਉੱਠੀਆਂ। ਸ਼ਰਧਾਲੂਆਂ ਨੇ ਨੰਦ ਕੇ ਘਰ ਆਨੰਦ ਭਯੋ, ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤ ਲਈ ਪ੍ਰਸਾਦ ਅਤੇ ਹੋਰ ਸੇਵਾਵਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਸ਼ਹਿਰ ਵਿੱਚ ਥਾਂ-ਥਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦੇਣ ਵਾਲੇ ਬੈਨਰ ਅਤੇ ਸਜਾਵਟੀ ਲਾਈਟਾਂ ਵੀ ਲਗਾਈਆਂ ਗਈਆਂ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੇਰ ਰਾਤ ਤੱਕ ਮੰਦਰਾਂ ਵਿੱਚ ਧਾਰਮਿਕ ਪ੍ਰੋਗਰਾਮ ਚੱਲਦੇ ਰਹੇ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਮੂਹ ਸ਼ਹਿਰ ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।