ਅਜੈ ਹੱਤਿਆਕਾਂਡ ਮਾਮਲੇ ’ਚ ਧਰਨੇ ਤੇ ਪਰਿਵਾਰ ਨੂੰ ਮਿਲਣ ਪੁੱਜੇ ਅੰਗੁਰਾਲ ਤੇ ਸਾਂਪਲਾ ਅਜੈ ਹੱਤਿਆਕਾਂਡ ਮਾਮਲੇ ਚ ਧਰਨੇ ਤੇ ਪਰਿਵਾਰ ਨੂੰ ਮਿਲਣ ਪਹੁੰਚੇ ਸ਼ੀਤਲ ਅੰਗੂਰਾਲ ਤੇ ਵਿਜੇ ਸਾਂਪਲਾ
Publish Date: Sun, 25 Oct 2026 06:57 PM (IST)
Updated Date: Mon, 26 Oct 2026 04:05 AM (IST)
- ਐੱਸਸੀ ਐਕਟ ਤਹਿਤ ਧਾਰਾਵਾਂ ਨਾ ਲਾਉਣ ’ਤੇ ਜਤਾਈ ਨਾਰਾਜ਼ਗੀ - ਪਹਿਲੀ ਤੱਕ ਕਾਰਵਾਈ ਨਾ ਹੋਣ ’ਤੇ ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ ’ਤੇ ਲਾਸ਼ ਰੱਖ ਕੇ ਪ੍ਰਦਰਸ਼ਨ ਦੀ ਚਿਤਾਵਨੀ ਫੋਟੋ:ਅਜੈ ਹੱਤਿਆਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਵਿੱਚ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ ਸ਼ੀਤਲ ਅੰਗੂਰਾਲ ਅਤੇ ਵਿਜੇ ਸਾਂਪਲਾ। ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ ਅਬੋਹਰ : ਅਜੈ ਹੱਤਿਆਕਾਂਡ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ’ਚ ਐਤਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੂਰਾਲ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਪਹੁੰਚੇ। ਦੋਵਾਂ ਆਗੂਆਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਲਈ ਪਰਿਵਾਰ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਪੀੜਤ ਪਰਿਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ ਪੰਜਾਬ ਵਿਧਾਨ ਸਭਾ ਦੇ ਬਾਹਰ ਪਹੁੰਚਿਆ ਸੀ। ਵਿਜੇ ਸਾਂਪਲਾ ਨੇ ਮਾਮਲੇ ’ਚ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ’ਚ ਕਈ ਕਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਅਨੁਸਾਰ, ਦਰਜ ਕੀਤੇ ਗਏ ਮੁਕੱਦਮੇ ’ਚ ਅਨੁਸੂਚਿਤ ਜਾਤੀ ਤੇ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ, ਜਿਸ ਨੂੰ ਐੱਸਸੀ/ਐੱਸਟੀ ਐਕਟ ਕਿਹਾ ਜਾਂਦਾ ਹੈ, ਤਹਿਤ ਕੋਈ ਧਾਰਾ ਨਹੀਂ ਲਾਈ ਗਈ, ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਸਭ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਅਜੈ ਨੇ ਆਪਣੇ ਬਿਆਨਾਂ ’ਚ ਜੋ ਗੱਲਾਂ ਦੱਸੀਆਂ ਸਨ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਮਾਮਲਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਗਿਆ ਹੈ ਅਤੇ ਕਮਿਸ਼ਨ ਵੱਲੋਂ ਜਲਦੀ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਭੀਮ ਟਾਂਕ ਹੱਤਿਆਕਾਂਡ ਦਾ ਜ਼ਿਕਰ ਕਰਦਿਆਂ ‘ਆਪ’ ’ਤੇ ਚੁੱਕੇ ਸਵਾਲ ਵਿਜੇ ਸਾਂਪਲਾ ਨੇ ਸਾਲ 2015 ਦੇ ਭੀਮ ਟਾਂਕ ਹੱਤਿਆਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਵੀ ਇਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਨਾਲ ਖੜ੍ਹੇ ਹੋਏ ਸਨ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਅਨੁਸਾਰ, ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ’ਚ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ। ਸਾਂਪਲਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਜਦੋਂ ਇਸੇ ਮਾਮਲੇ ਨਾਲ ਜੁੜੇ ਪਰਿਵਾਰ ਨੂੰ ਇਨਸਾਫ਼ ਦੀ ਲੋੜ ਹੈ ਅਤੇ ਸ਼ਿਵ ਲਾਲ ਡੋਡਾ ਦਾ ਨਾਂ ਸਾਹਮਣੇ ਆ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂ ਚੁੱਪ ਕਿਉਂ ਹਨ? ਇਹ ਸਵਾਲ ਉਨ੍ਹਾਂ ਵੱਲੋਂ ਧਰਨੇ ਦੌਰਾਨ ਉਠਾਏ ਗਏ। ਪਹਿਲੀ ਤੱਕ ਕਾਰਵਾਈ ਨਾ ਹੋਣ ’ਤੇ ਪ੍ਰਦਰਸ਼ਨ ਦੀ ਚਿਤਾਵਨੀ ਪੰਜਾਬ ਰਾਜ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 1 ਨਵੰਬਰ ਨੂੰ ਅਬੋਹਰ ਆ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਦੋਂ ਤੱਕ ਪੁਲਿਸ ਨੇ ਮ੍ਰਿਤਕ ਅਜੈ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਸਮਾਗਮ ਵਾਲੀ ਥਾਂ ’ਤੇ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ ਤੇ ਪੁਲਿਸ ਨੂੰ ਮਾਮਲੇ ’ਚ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ।