ਸੇਵਾ ਭਾਰਤੀ ਵੱਲੋਂ 81 ਦਿਵਿਆਂਗਜਨਾਂ ਨੂੰ ਵੰਡੇ ਨਕਲੀ ਅੰਗ ਅਤੇ ਸਹਾਇਕ ਉਪਕਰਨ ਸੇਵਾ ਭਾਰਤੀ ਵੱਲੋਂ 81 ਦਿਵਿਆਂਗਜਨਾਂ ਨੂੰ ਵੰਡੇ ਨਕਲੀ ਅੰਗ ਅਤੇ ਸਹਾਇਕ ਉਪਕਰਨ
Publish Date: Tue, 10 Nov 2026 04:57 PM (IST)
Updated Date: Tue, 10 Nov 2026 05:00 PM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਦਿਵਿਆਂਗਜਨਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਸੁਖਾਲਾ ਬਣਾਉਣ ਦੇ ਉਦੇਸ਼ ਨਾਲ ਸੇਵਾ ਭਾਰਤੀ ਵੱਲੋਂ ਜਲਾਲਾਬਾਦ ਦੇ ਸ਼ਿਵ ਭਵਨ ਵਿਖੇ ਵਿਸ਼ੇਸ਼ ਸੇਵਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 81 ਦਿਵਿਆਂਗਜਨਾਂ ਨੂੰ ਕਰੀਬ 9 ਲੱਖ ਰੁਪਏ ਦੀ ਕੀਮਤ ਦੇ ਨਕਲੀ ਅੰਗ ਅਤੇ ਹੋਰ ਸਹਾਇਕ ਉਪਕਰਨ ਵੰਡੇ ਗਏ। ਫਾਜ਼ਿਲਕਾ ਅਤੇ ਅਬੋਹਰ ਤੋਂ ਬਾਅਦ ਜਲਾਲਾਬਾਦ ਵਿੱਚ ਸੰਸਥਾ ਵੱਲੋਂ ਇਹ ਤੀਜਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਅਤੇ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਕੈਪਟਨ ਗੁਰਚਰਨ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੇਵਾ ਭਾਰਤੀ ਦੇ ਸੂਬਾ ਪ੍ਰਚਾਰਕ ਅਤੇ ਸੰਗਠਨ ਮੰਤਰੀ ਸੰਜੀਵ ਕੁਮਾਰ, ਪ੍ਰਚਾਰਕ ਸੁਰੇਸ਼ ਕੁਮਾਰ ਬਰਨਾਲਾ, ਅਰੋੜਵੰਸ਼ ਸਮਾਜ ਤੋਂ ਗੈਸਟ ਆਫ਼ ਆਨਰ ਅਸ਼ਵਨੀ ਮਦਾਨ, ਸਮਾਜ ਸੇਵੀ ਰਾਜੇਸ਼ ਛਾਬੜਾ, ਸੰਸਥਾ ਦੇ ਪ੍ਰਧਾਨ ਅਮਿਤ ਮੁਤਨੇਜਾ, ਐਡਵੋਕੇਟ ਸੂਰਜ ਕਾਠਪਾਲ, ਮੋਂਟੀ ਬਜਾਜ, ਅੰਸ਼ ਗੁੰਬਰ, ਰੋਹਿਤ ਅਤੇ ਸੁਨੀਲ ਕੁਮਾਰ ਸਮੇਤ ਕਈ ਪਤਵੰਤੇ ਹਾਜ਼ਰ ਸਨ। ਕੈਂਪ ਦੌਰਾਨ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਵਿੱਚ ਬਰਨਾਲਾ ਤੋਂ ਪਹੁੰਚੇ ਮਨਿੰਦਰ ਕੁਮਾਰ ਅਤੇ ਅਨੂਪ ਸਿੰਘ ਨੇ ਅਹਿਮ ਯੋਗਦਾਨ ਪਾਇਆ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਅਨਿਲ ਵਲੇਚਾ ਨੇ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ 5100 ਰੁਪਏ ਦੀ ਸਹਿਯੋਗ ਰਾਸ਼ੀ ਭੇਟ ਕੀਤੀ ਗਈ, ਜਦਕਿ ਅਸ਼ਵਨੀ ਮਦਾਨ ਨੇ 2100 ਰੁਪਏ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਅਰੋੜਵੰਸ਼ ਸਭਾ ਵੱਲੋਂ ਵੀ ਸੇਵਾ ਕਾਰਜਾਂ ਲਈ ਆਰਥਿਕ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੇਵਾ ਭਾਰਤੀ ਦੇ ਸੂਬਾ ਪ੍ਰਚਾਰਕ ਅਤੇ ਸੰਗਠਨ ਮੰਤਰੀ ਸੰਜੀਵ ਕੁਮਾਰ ਨੇ ਸੰਸਥਾ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਦੀ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੇਵਾ ਭਾਰਤੀ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਤੱਕ ਸਹਾਇਤਾ ਪਹੁੰਚਾਉਣਾ ਅਤੇ ਸਮਾਜ ਵਿੱਚ ਸੇਵਾ ਤੇ ਸਮਰਪਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਮੁੱਖ ਮਹਿਮਾਨ ਕੈਪਟਨ ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿਵਿਆਂਗਜਨਾਂ ਨੂੰ ਨਕਲੀ ਅੰਗ ਅਤੇ ਸਹਾਇਕ ਉਪਕਰਨ ਮੁਹੱਈਆ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਸੇਵਾ ਕਾਰਜ ਹੈ। ਇਸ ਨਾਲ ਲੋੜਵੰਦਾਂ ਨੂੰ ਰੋਜ਼ਾਨਾ ਜੀਵਨ ਵਿੱਚ ਸਹੂਲਤ ਮਿਲਣ ਦੇ ਨਾਲ-ਨਾਲ ਆਤਮ-ਨਿਰਭਰ ਬਣਨ ਵਿੱਚ ਵੀ ਮਦਦ ਮਿਲਦੀ ਹੈ। ਉਨ੍ਹਾਂ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਮਨੁੱਖਤਾ ਭਰੇ ਕਾਰਜਾਂ ਵਿੱਚ ਅੱਗੇ ਆ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਮੌਜੂਦ ਪਤਵੰਤੇ ਵਿਅਕਤੀਆਂ ਨੇ ਸੇਵਾ ਭਾਰਤੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਮਾਜ ਸੇਵਾ ਦਾ ਅਸਲ ਉਦੇਸ਼ ਹੈ। ਇਸ ਕੈਂਪ ਰਾਹੀਂ 81 ਦਿਵਿਆਂਗਜਨਾਂ ਨੂੰ ਸਹਾਇਤਾ ਮੁਹੱਈਆ ਕਰਵਾ ਕੇ ਸੰਸਥਾ ਨੇ ਮਨੁੱਖਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ। ਅਖੀਰ ਵਿੱਚ ਸੰਸਥਾ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।