ਪੀਟੀਐੱਮ ਦੌਰਾਨ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਬਾਰੇ ਕੀਤੀ ਚਰਚਾ
ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਆਯੋਜਨ
Publish Date: Sun, 29 Mar 2026 05:17 PM (IST)
Updated Date: Sun, 29 Mar 2026 05:18 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਫਾਜ਼ਿਲਕਾ : ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਅਤੇ ਉਨ੍ਹਾਂ ਦੀ ਪੜ੍ਹਾਈ ਦੀ ਪ੍ਰਗਤੀ ਨੂੰ ਲੈ ਕੇ ਅਧਿਆਪਕ-ਮਾਪੇ ਮਿਲਣੀ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਮਿਲਣੀ ਦੌਰਾਨ ਸਕੂਲ ਦੀ ਮੁੱਖ ਅਧਿਆਪਿਕਾ ਰਜਨੀ ਜੀ ਦੀ ਅਗਵਾਈ ਹੇਠ ਸਮੂਹ ਸਟਾਫ਼ ਨੇ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਾਲਾਨਾ ਨਤੀਜਿਆਂ ਦੇ ਨਾਲ-ਨਾਲ ਸਕੂਲ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਅਧਿਆਪਕ ਅਸ਼ਵਨੀ ਕੁਮਾਰ, ਸਵਰਨ ਸਿੰਘ, ਵਿਜੇ ਕੁਮਾਰ, ਮੇਹਰਬਾਨ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਤੇ ਸਮੂਹ ਮੈਂਬਰਾਂ ਦੇ ਨਾਲ-ਨਾਲ ਪਿੰਡ ਦੇ ਸਰਪੰਚ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਤਵੰਤੇ ਸੱਜਣਾਂ ਨੇ ਸਕੂਲ ਦੇ ਪ੍ਰਬੰਧਾਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਅਤੇ ਕਮੇਟੀ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਵਿਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਹਮੇਸ਼ਾ ਤਿਆਰ ਰਹੇਗੀ। ਮਾਪਿਆਂ ਨੇ ਵੀ ਸਕੂਲ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੀਆਂ ਮਿਲਣੀਆਂ ਨਾਲ ਉਨ੍ਹਾਂ ਨੂੰ ਆਪਣੇ ਬੱਚਿਆਂ ਦੀਆਂ ਰੁਚੀਆਂ ਅਤੇ ਪੜ੍ਹਾਈ ਬਾਰੇ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ। ਅੰਤ ਵਿੱਚ ਮੁੱਖ ਅਧਿਆਪਿਕਾ ਨੇ ਆਏ ਹੋਏ ਸਾਰੇ ਮਾਪਿਆਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।