ਯੂਥ ਕਾਂਗਰਸ ਚੋਣਾਂ ’ਚ ਸਮਰਬੀਰ ਸਿੰਘ ਸਿੱਧੂ ਸਮਰਥਕਾਂ ਦੀ ਜਿੱਤ ਨਾਲ ਵਧਿਆ ਸਿਆਸੀ ਕੱਦ
ਯੂਥ ਕਾਂਗਰਸ ਚੋਣਾਂ ਵਿੱਚ ਸਮਰਬੀਰ ਸਿੰਘ ਸਿੱਧੂ ਸਮਰਥਕਾਂ ਦੀ ਜਿੱਤ ਨਾਲ ਵਧਿਆ ਸਿਆਸੀ ਕੱਦ
Publish Date: Tue, 23 Jun 2026 06:50 PM (IST)
Updated Date: Tue, 23 Jun 2026 06:52 PM (IST)

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਦੀ ਪਾਰਟੀ ਪ੍ਰਤੀ ਨਿਸ਼ਠਾ, ਵਫ਼ਾਦਾਰੀ ਅਤੇ ਲਗਾਤਾਰ ਮਿਹਨਤ ਦਾ ਅਸਰ ਹੁਣ ਸੰਗਠਨਾਤਮਕ ਚੋਣਾਂ ਵਿੱਚ ਵੀ ਸਪੱਸ਼ਟ ਤੌਰ ਤੇ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਯੂਥ ਕਾਂਗਰਸ ਚੋਣਾਂ ਵਿੱਚ ਉਨ੍ਹਾਂ ਦੇ ਸਮਰਥਿਤ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਅਹਿਮ ਅਹੁਦਿਆਂ ਤੇ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਖੇਤਰ ਵਿੱਚ ਉਨ੍ਹਾਂ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋਣ ਦੇ ਸੰਕੇਤ ਮਿਲੇ ਹਨ। ਐਲਾਨੇ ਗਏ ਨਤੀਜਿਆਂ ਅਨੁਸਾਰ ਸਮਰਬੀਰ ਸਿੰਘ ਸਿੱਧੂ ਦੇ ਸਮਰਥਨ ਵਾਲੇ ਉਮੀਦਵਾਰ ਬਲਦੇਵ ਭੱਟੀ ਜ਼ਿਲ੍ਹਾ ਪ੍ਰਧਾਨ, ਅੰਕੁਜ ਦੀਪ ਗੋਇਲ ਹਲਕਾ ਕੋਆਰਡੀਨੇਟਰ ਅਤੇ ਜਤਿੰਦਰ ਸੈਣੀ ਦਿਹਾਤੀ ਪ੍ਰਧਾਨ ਦੇ ਅਹਿਮ ਅਹੁਦਿਆਂ ਤੇ ਜੇਤੂ ਰਹੇ ਹਨ। ਇਨ੍ਹਾਂ ਨਤੀਜਿਆਂ ਨੇ ਫਾਜ਼ਿਲਕਾ ਖੇਤਰ ਵਿੱਚ ਸਮਰਬੀਰ ਸਿੰਘ ਸਿੱਧੂ ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਕੀਤਾ ਹੈ। ਚੋਣਾਂ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਰਿਕਾਰਡ ਮਤਦਾਨ ਹੋਇਆ। ਇਸ ਦੇ ਨਤੀਜੇ ਵਜੋਂ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਅਤੇ ਸੂਬਾ ਮਹਾਂਸਚਿਵ ਅਮਰਿੰਦਰ ਸਿੰਘ ਬਿੰਨੀ ਦੇ ਅਹੁਦਿਆਂ ਲਈ ਵੀ ਸਮਰਥਿਤ ਉਮੀਦਵਾਰਾਂ ਨੂੰ ਸਫਲਤਾ ਮਿਲੀ। ਨਤੀਜੇ ਐਲਾਨ ਹੋਣ ਤੋਂ ਬਾਅਦ ਸਮਰਬੀਰ ਸਿੰਘ ਸਿੱਧੂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਨਿਵਾਸ ਸਥਾਨ ਤੇ ਜੇਤੂ ਉਮੀਦਵਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸਮਰਬੀਰ ਸਿੰਘ ਸਿੱਧੂ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸਾਰੇ ਮਿਲ ਕੇ ਕੰਮ ਕਰਨਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਲਗਾਤਾਰ ਮਿਲ ਰਹੀਆਂ ਇਨ੍ਹਾਂ ਸਫਲਤਾਵਾਂ ਕਾਰਨ ਸਮਰਬੀਰ ਸਿੰਘ ਸਿੱਧੂ ਦਾ ਸਿਆਸੀ ਕੱਦ ਨਾ ਸਿਰਫ਼ ਫਾਜ਼ਿਲਕਾ ਸਗੋਂ ਪੂਰੇ ਜ਼ਿਲ੍ਹੇ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਸਥਾਨਕ ਕਾਂਗਰਸ ਰਾਜਨੀਤੀ ਵਿੱਚ ਹੋਰ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦੇ ਹਨ। ਜੇਤੂ ਉਮੀਦਵਾਰਾਂ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਅਤੇ ਕਾਂਗਰਸ ਆਗੂ ਸਮਰਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਯਤਨਸ਼ੀਲ ਰਹਿਣਗੇ।