ਸਾਹਿਤ ਸਭਾ ਨੇ ‘ਮਹਿਫ਼ਿਲ-ਏ-ਗ਼ਜ਼ਲ’ ਪ੍ਰੋਗਰਾਮ ਕਰਵਾਇਆ ਸਾਹਿਤ ਸਭਾ ਜਲਾਲਾਬਾਦ ਵੱਲੋਂ ‘ਮਹਿਫ਼ਿਲ-ਏ-ਗ਼ਜ਼ਲ’ ਪ੍ਰੋਗਰਾਮ ਕਰਵਾਇਆ
Publish Date: Mon, 31 Aug 2026 05:20 PM (IST)
Updated Date: Mon, 31 Aug 2026 05:22 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸਾਹਿਤ ਸਭਾ ਜਲਾਲਾਬਾਦ ਵੱਲੋਂ ਐਵਰਗ੍ਰੀਨ ਰੈਸਟੋਰੈਂਟ ਵਿਖੇ ‘ਮਹਿਫ਼ਿਲ-ਏ-ਗ਼ਜ਼ਲ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਅਤੇ ਗ਼ਜ਼ਲਗੋ ਸਨੀਲ ਸਿੰਘ ਡੋਗਰਾ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਗਾਈਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਪ੍ਰੋਗਰਾਮ ਨੂੰ ਹੋਰ ਯਾਦਗਾਰ ਬਣਾਉਣ ਲਈ ਮਨਜੀਤ ਸਿੰਘ ਦਰਗਨ, ਜਰਨੈਲ ਸਿੰਘ ਬੂਕ, ਪਰਮਿੰਦਰ ਸਿੰਘ ਕੁੱਕੜ, ਸ਼੍ਰੀਮਤੀ ਸ਼ਸ਼ੀ ਅਨੇਜਾ ਅਤੇ ਸ਼੍ਰੀਮਤੀ ਸੰਜੂ ਬੱਬਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਹਿਤ ਸਭਾ ਜਲਾਲਾਬਾਦ ਵੱਲੋਂ ਸਮੇਂ-ਸਮੇਂ ’ਤੇ ਸਾਹਿਤਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਹਿਤ ਨਾਲ ਜੋੜਨਾ ਹੈ। ਸਾਹਿਤ ਸਭਾ ਦੇ ਜਨਰਲ ਸਕੱਤਰ ਹਰਸ਼ਦੀਪ ਬੋਪਾਰਾਏ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਉਨ੍ਹਾਂ ਨੇ ਆਪਣੀ ਸ਼ਾਇਰੀ ਅਤੇ ਦਿਲਚਸਪ ਅੰਦਾਜ਼ ਨਾਲ ਪ੍ਰੋਗਰਾਮ ਵਿੱਚ ਰੰਗ ਭਰ ਦਿੱਤਾ। ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਸ਼ਾਇਰੋ-ਸ਼ਾਇਰੀ ਦੀ ਸਰੋਤਿਆਂ ਨੇ ਖੂਬ ਪ੍ਰਸ਼ੰਸਾ ਕੀਤੀ। ਸਾਹਿਤ ਸਭਾ ਦੇ ਸਭ ਤੋਂ ਛੋਟੇ ਸਾਹਿਤਕਾਰ ਪਰਮ ਝਾਂਬ ਨੇ ਵੀ ਆਪਣੀ ਗਾਇਕੀ ਦਾ ਮੁਜ਼ਾਹਰਾ ਕੀਤਾ। ਉਨ੍ਹਾਂ ਦੀ ਸੁਰੀਲੀ ਅਤੇ ਖੂਬਸੂਰਤ ਆਵਾਜ਼ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਸਭਾ ਦੇ ਕੈਸ਼ੀਅਰ ਦੀਪਕ ਨਾਰੰਗ ਨੇ ਕਿਹਾ ਕਿ ‘ਮਹਿਫ਼ਿਲ-ਏ-ਗ਼ਜ਼ਲ’ ਪ੍ਰੋਗਰਾਮ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਜਲਾਲਾਬਾਦ ਵਿੱਚ ਸਾਹਿਤਕ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਮੌਕੇ ਪ੍ਰਵੇਸ਼ ਖੰਨਾ, ਪ੍ਰੀਤੀ ਬਬੂਟਾ, ਗੋਪਾਲ ਬਜਾਜ, ਨੀਰਜ ਛਾਬੜਾ, ਜਸਕਰਨਜੀਤ ਸਿੰਘ, ਅਮਰੀਕ ਸਿੰਘ ਬੋਪਾਰਾਏ, ਪ੍ਰਕਾਸ਼ ਦੋਸ਼ੀ, ਊਸ਼ਾ ਝਾਂਬ, ਸੁਨੀਤਾ ਕੰਬੋਜ, ਸਰਲੀਨਦੀਪ ਕੌਰ ਸਿੱਧੂ, ਪਰਮਜੀਤ ਸਿੰਘ ਧਮੀਜਾ, ਬਲਬੀਰ ਸਿੰਘ ਰਹੇਜਾ, ਕੁਲਦੀਪ ਸਿੰਘ ਬਰਾੜ, ਕੰਵਰ ਜਤਿੰਦਰ ਸਿੰਘ ਬੇਦੀ, ਰਾਜ ਕੁਮਾਰ ਗਗਨੇਜਾ, ਪਰਮਿੰਦਰ ਪਿਆਸਾ ਆਦਿ ਹਾਜ਼ਰ ਸਨ।