ਸੇਫ ਸਕੂਲ ਵਾਹਨ ਟੀਮ ਨੇ ਫਾਜ਼ਿਲਕਾ ’ਚ 4 ਤੇ ਅਬੋਹਰ ’ਚ 5 ਸਕੂਲੀ ਬੱਸਾਂ ਦੇ ਕੱਟੇ ਚਲਾਨ ਸੇਫ ਸਕੂਲ ਵਾਹਨ ਟੀਮ ਨੇ ਫਾਜ਼ਿਲਕਾ ’ਚ 4 ਤੇ ਅਬੋਹਰ ’ਚ 5 ਸਕੂਲੀ ਬੱਸਾਂ ਦੇ ਕੱਟੇ ਚਲਾਨ
Publish Date: Fri, 11 Sep 2026 03:34 PM (IST)
Updated Date: Fri, 11 Sep 2026 03:37 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਸੇਫ ਸਕੂਲ ਵਾਹਨ ਟੀਮ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫਾਜ਼ਿਲਕਾ ਵਿੱਚ 4 ਅਤੇ ਅਬੋਹਰ ਵਿੱਚ 5 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ ਅਤੇ ਖ਼ਰਾਬ ਹਾਲਤ ਵਾਲੀਆਂ ਬੱਸਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵੈਨ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਕੂਲਾਂ ਅਤੇ ਬੱਚਿਆਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਸਕੂਲੀ ਵਾਹਨਾਂ ਵਿੱਚ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਬੱਸਾਂ ਦੇ ਸ਼ੀਸ਼ਿਆਂ ਦੇ ਬਾਹਰ ਗਰਿੱਲਾਂ, ਸਪੀਡ ਗਵਰਨਰ, ਤਾਕੀਆਂ ਦੇ ਲੌਕ, ਫਸਟ ਏਡ ਬਾਕਸ, ਬੱਚਿਆਂ ਦੇ ਬੈਗ ਰੱਖਣ ਲਈ ਢੁਕਵੀਂ ਜਗ੍ਹਾ ਅਤੇ ਐਮਰਜੈਂਸੀ ਤਾਕੀਆਂ ਹੋਣੀਆਂ ਲਾਜ਼ਮੀ ਹਨ। ਇਸ ਤੋਂ ਇਲਾਵਾ ਬੱਸ ਵਿੱਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ ਅਤੇ ਡਰਾਈਵਰ ਕੋਲ ਬੱਚਿਆਂ ਦੇ ਨਾਮ, ਪਤਾ ਅਤੇ ਕਲਾਸ ਦੀ ਸੂਚੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸ ਦਾ ਰੰਗ ਸੁਨਹਿਰੀ ਪੀਲਾ, ਚਾਰੇ ਪਾਸੇ ‘ਸਕੂਲ ਬੱਸ’ ਲਿਖਿਆ ਹੋਣਾ, ਸੀਸੀਟੀਵੀ ਕੈਮਰੇ ਅਤੇ 60 ਦਿਨਾਂ ਦੀ ਫੁਟੇਜ ਦੀ ਵਿਵਸਥਾ ਹੋਣੀ ਲਾਜ਼ਮੀ ਹੈ। ਕਿਰਾਏ ਦੀ ਬੱਸ ’ਤੇ ‘ਆਨ ਡਿਊਟੀ’ ਲਿਖਿਆ ਹੋਣਾ ਚਾਹੀਦਾ ਹੈ। ਡਰਾਈਵਰ ਕੋਲ ਘੱਟੋ-ਘੱਟ 4 ਸਾਲ ਦਾ ਤਜਰਬਾ ਹੋਣ ਦੇ ਨਾਲ ਉਸ ਦੀ ਵਰਦੀ ਅਤੇ ਨੇਮ-ਪਲੇਟ ਵੀ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਰੀਤੂ ਬਾਲਾ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਟੀਮ, ਕੌਂਸਲ ਬਾਲ ਸੁਰੱਖਿਆ ਅਫ਼ਸਰ ਰਣਵੀਰ ਕੌਰ, ਬਾਲ ਸੁਰੱਖਿਆ ਅਫ਼ਸਰ, ਟ੍ਰੈਫਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।