- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਨੂਰਸ਼ਾਹ ਦੇ ਕੋਲੋਂ ਲੰਘਦੀ ਡਰੇਨ ਦੇ ਪੁਲ ’ਤੇ ਨਾਕਾਬੰਦੀ ਦੌਰਾਨ ਇੱਕ ਬੀਐਸਐਫ ਜਵਾਨ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਪੁਲ ਤੋਂ ਹੇਠਾਂ ਡਰੇਨ ਵਿੱਚ ਜਾ ਡਿੱਗਿਆ।

ਰਿਤਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਨੂਰਸ਼ਾਹ ਦੇ ਕੋਲੋਂ ਲੰਘਦੀ ਡਰੇਨ ਦੇ ਪੁਲ ’ਤੇ ਨਾਕਾਬੰਦੀ ਦੌਰਾਨ ਇੱਕ ਬੀਐਸਐਫ ਜਵਾਨ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਪੁਲ ਤੋਂ ਹੇਠਾਂ ਡਰੇਨ ਵਿੱਚ ਜਾ ਡਿੱਗਿਆ। ਇਸ ਤੋਂ ਬਾਅਦ ਸਾਥੀ ਜਵਾਨਾਂ ਵੱਲੋਂ ਉਸ ਨੂੰ ਡਰੇਨ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਸੋਮਵਾਰ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੂਰਸ਼ਾਹ ਨੇੜੇ ਬਣੀ ਡਰੇਨ ’ਤੇ ਇੱਕ ਜਵਾਨ ਦਾ ਪੈਰ ਅਚਾਨਕ ਤਿਲਕ ਗਿਆ, ਜਿਸ ਕਾਰਨ ਉਹ ਪੁਲ ਤੋਂ ਹੇਠਾਂ ਡਿੱਗ ਗਿਆ। ਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਾ ਹੋਣ ਕਾਰਨ ਬੀਐਸਐਫ ਜਵਾਨਾਂ ਵੱਲੋਂ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਮ੍ਰਿਤਕ ਜਵਾਨ ਦੀ ਪਛਾਣ 19ਵੀਂ ਬਟਾਲੀਅਨ ਵਿੱਚ ਤਾਇਨਾਤ ਏਐਸਆਈ ਲੱਖਾ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ।
ਪਿੰਡ ਨੂਰਸ਼ਾਹ ਦੇ ਵਸਨੀਕਾਂ ਨੇ ਦੱਸਿਆ ਕਿ ਜਿਸ ਪੁਲ ’ਤੇ ਇਹ ਹਾਦਸਾ ਵਾਪਰਿਆ, ਉਸ ’ਤੇ ਲੰਬੇ ਸਮੇਂ ਤੋਂ ਰੇਲਿੰਗ ਨਹੀਂ ਲੱਗੀ ਹੋਈ। ਇਸ ਪੁਲ ’ਤੇ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਰੇਲਿੰਗ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ। ਪਿੰਡ ਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਸੋਮਵਾਰ ਨੂੰ ਵਾਪਰਿਆ ਹਾਦਸਾ ਵੀ ਰੇਲਿੰਗ ਨਾ ਹੋਣ ਕਾਰਨ ਹੋ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ’ਤੇ ਜਲਦ ਤੋਂ ਜਲਦ ਰੇਲਿੰਗ ਲਗਾਈ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।