ਅੰਬੂਜਾ ਫਾਊਂਡੇਸ਼ਨ ਤੇ ਐੱਚਡੀਐੱਫਸੀ ਬੈਂਕ ਨੇ ਸਾਂਝੇ ਤੌਰ ’ਤੇ ਕਈ ਪਿੰਡ ਲਏ ਗੋਦ ਪਿੰਡ ਜੋੜਕੀ ਕੰਕਰ ਵਿਖੇ ਪੇਂਡੂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਸਾਲਿਡ ਵੇਸਟ ਮੈਨੇਜਮੈਂਟ ’ਤੇ ਰਹੇਗਾ ਵਿਸ਼ੇਸ਼ ਧਿਆਨ
Publish Date: Sat, 31 Oct 2026 04:15 PM (IST)
Updated Date: Sat, 31 Oct 2026 04:17 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੇਂਡੂ ਖੇਤਰਾਂ ਦੇ ਵਿਕਾਸ ਅਤੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਅੰਬੂਜਾ ਫਾਊਂਡੇਸ਼ਨ ਅਤੇ ਐੱਚ.ਡੀ.ਐੱਫ.ਸੀ. ਬੈਂਕ ਵੱਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਪੇਂਡੂ ਵਿਕਾਸ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਸਾਂਝੇ ਉਪਰਾਲੇ ਤਹਿਤ ਕਈ ਪਿੰਡਾਂ ਨੂੰ ਅਡਾਪਟ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਪਿੰਡ ਜੋੜਕੀ ਕੰਕਰ ਵਿਖੇ ਖੁਸ਼ਬੂ ਸਵਨਾ ਸੁੱਖਾ ਸਵਨਾ ਵੱਲੋਂ ਕੀਤਾ ਗਿਆ। ਇਸ ਪ੍ਰੋਜੈਕਟ ਦਾ ਮੁੱਖ ਹਿੱਸਾ ਸਾਲਿਡ ਵੇਸਟ ਮੈਨੇਜਮੈਂਟ ਹੈ, ਜਿਸ ਤਹਿਤ ਪਿੰਡਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਨ ਅਤੇ ਉਸ ਦਾ ਸਹੀ ਨਿਪਟਾਰਾ ਕਰਨ ਲਈ ਪ੍ਰਬੰਧ ਕੀਤੇ ਜਾਣਗੇ। ਅੰਬੂਜਾ ਫਾਊਂਡੇਸ਼ਨ ਅਤੇ ਐੱਚ.ਡੀ.ਐੱਫ.ਸੀ. ਬੈਂਕ ਵੱਲੋਂ ਪਿੰਡਾਂ ਨੂੰ ਕੂੜਾ ਮੁਕਤ ਅਤੇ ਸਾਫ਼-ਸੁਥਰਾ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਖੁਸ਼ਬੂ ਸਵਨਾ ਨੇ ਕਿਹਾ ਕਿ ਸਾਫ਼-ਸੁਥਰਾ ਪਿੰਡ ਹੀ ਸਿਹਤਮੰਦ ਪਿੰਡ ਦੀ ਪਛਾਣ ਹੁੰਦਾ ਹੈ। ਇਸ ਪ੍ਰੋਜੈਕਟ ਨਾਲ ਨਾ ਸਿਰਫ਼ ਪਿੰਡਾਂ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਹੋਵੇਗਾ, ਸਗੋਂ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਕੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਅੰਬੂਜਾ ਫਾਊਂਡੇਸ਼ਨ ਤੇ ਐੱਚਡੀਐੱਫਸੀ ਬੈਂਕ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਡਿਸਕੋ ਕੁਮਾਰ, ਬਿੱਟੂ ਸੇਤੀਆ, ਅਲਕਾ ਜਨੇਜਾ, ਜ਼ਿਲ੍ਹਾ ਪ੍ਰਧਾਨ ਬੱਬੂ ਚੇਤੀਵਾਲ, ਜਤਿਨ ਫੀਲਡ ਅਫ਼ਸਰ, ਪੰਕਜ ਫੀਲਡ ਅਫ਼ਸਰ, ਹਰਜੀਤ, ਪ੍ਰੋਜੈਕਟ ਅਫ਼ਸਰ ਮਨਜੋਤ, ਕੋਆਰਡੀਨੇਟਰ, ਅੰਬੂਜਾ ਫਾਊਂਡੇਸ਼ਨ ਦੇ ਜ਼ੋਨਲ ਮੈਨੇਜਰ ਵਿਸ਼ਨੂੰ ਤ੍ਰਿਵੇਦੀ, ਪ੍ਰੋਜੈਕਟ ਮੈਨੇਜਰ ਮਨੋਜ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।