ਜਲਾਲਾਬਾਦ ’ਚ ਗੈਰਕਾਨੂੰਨੀ ਕਬਜ਼ਾ ਹਟਾਉਣ ਦੌਰਾਨ ਚਲੀਆਂ ਇੱਟਾਂ, ਨਗਰ ਕੌਂਸਲ ਦੇ 3 ਕਰਮਚਾਰੀ ਜ਼ਖ਼ਮੀ ਜਲਾਲਾਬਾਦ ਵਿੱਚ ਗੈਰਕਾਨੂੰਨੀ ਕਬਜ਼ਾ ਹਟਾਉਣ ਦੌਰਾਨ ਹੰਗਾਮਾ, ਇੱਟਾਂ ਚੱਲੀਆਂ
Publish Date: Sat, 18 Jul 2026 04:28 PM (IST)
Updated Date: Sat, 18 Jul 2026 04:31 PM (IST)
ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਵਿੱਚ ਲੜਕੀਆਂ ਦੇ ਸਕੂਲ ਨੇੜੇ ਸਰਕਾਰੀ ਜ਼ਮੀਨ ਤੋਂ ਗੈਰਕਾਨੂੰਨੀ ਕਬਜ਼ਾ ਹਟਾਉਣ ਦੌਰਾਨ ਸ਼ੁੱਕਰਵਾਰ ਨੂੰ ਵਿਵਾਦ ਖੜ੍ਹਾ ਹੋ ਗਿਆ। ਨਗਰ ਕੌਂਸਲ ਦੀ ਟੀਮ ਵੱਲੋਂ ਜੇਸੀਬੀ ਨਾਲ ਕਾਰਵਾਈ ਸ਼ੁਰੂ ਕਰਨ ਤੇ ਦੋਵੇਂ ਪੱਖਾਂ ਵਿਚਾਲੇ ਤਕਰਾਰ ਹੋਈ, ਜੋ ਬਾਅਦ ਵਿੱਚ ਝੜਪ ਵਿੱਚ ਬਦਲ ਗਈ। ਇਸ ਦੌਰਾਨ ਇੱਟਾਂ ਚੱਲਣ ਦੀ ਵੀ ਘਟਨਾ ਵਾਪਰੀ, ਜਿਸ ਵਿੱਚ ਨਗਰ ਕੌਂਸਲ ਦੇ ਤਿੰਨ ਕਰਮਚਾਰੀ ਅਤੇ ਕਬਜ਼ਾਧਾਰਕ ਪੱਖ ਦੇ ਕੁਝ ਲੋਕ ਜ਼ਖ਼ਮੀ ਹੋ ਗਏ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ। ਨਗਰ ਕੌਂਸਲ ਦੇ ਈਓ ਰੋਹਿਤ ਕੁਮਾਰ ਨੇ ਦੱਸਿਆ ਕਿ ਸਬੰਧਤ ਵਿਅਕਤੀ ਨੇ ਆਪਣੇ ਘਰ ਦੇ ਬਾਹਰ ਸਰਕਾਰੀ ਜ਼ਮੀਨ ਤੇ ਪਹਿਲਾਂ ਇੱਟਾਂ ਰੱਖ ਕੇ, ਫਿਰ ਸ਼ੈੱਡ ਅਤੇ ਗੇਟ ਲਗਾ ਕੇ ਕਬਜ਼ਾ ਕੀਤਾ ਹੋਇਆ ਸੀ ਅਤੇ ਹੁਣ ਪੱਕੀ ਉਸਾਰੀ ਦੀ ਤਿਆਰੀ ਕੀਤੀ ਜਾ ਰਹੀ ਸੀ। ਨੋਟਿਸ ਦੇਣ ਦੇ ਬਾਵਜੂਦ ਕਬਜ਼ਾ ਨਾ ਹਟਾਉਣ ਤੇ ਟੀਮ ਨੇ ਜੇਸੀਬੀ ਨਾਲ ਕਾਰਵਾਈ ਕੀਤੀ।ਈਓ ਨੇ ਦੋਸ਼ ਲਗਾਇਆ ਕਿ ਕਾਰਵਾਈ ਦੌਰਾਨ ਕਬਜ਼ਾਧਾਰਕਾਂ ਨੇ ਟੀਮ ਦਾ ਵਿਰੋਧ ਕਰਦਿਆਂ ਇੱਟਾਂ ਸੁੱਟੀਆਂ, ਜਿਸ ਕਾਰਨ ਨਗਰ ਕੌਂਸਲ ਦੇ ਤਿੰਨ ਕਰਮਚਾਰੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਕਬਜ਼ਾਧਾਰਕ ਮਨਿੰਦਰ ਕੁਮਾਰ,ਬੇਦੀ ਲਾਲ ਨੇ ਦਾਅਵਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਇਸ ਥਾਂ ਤੇ ਕਾਬਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਲੋਕਾਂ ਨੇ ਵੀ ਸਰਕਾਰੀ ਜ਼ਮੀਨ ਤੇ ਕਬਜ਼ੇ ਕੀਤੇ ਹੋਏ ਹਨ, ਪਰ ਕਾਰਵਾਈ ਸਿਰਫ਼ ਉਨ੍ਹਾਂ ਖ਼ਿਲਾਫ਼ ਕੀਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਨਗਰ ਕੌਂਸਲ ਦੀ ਟੀਮ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।ਫਿਲਹਾਲ ਪੁਲਿਸ ਨੇ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।