ਦੀਵਾਲੀ ’ਤੇ ਮਿੱਟੀ ਦੇ ਦੀਵਿਆਂ ਦੀ ਚਮਕ ਨੂੰ ਮਹਿੰਗਾਈ ਤੇ ਬਦਲਦੇ ਰੁਝਾਨਾਂ ਦੀ ਮਾਰ ਦੀਵਾਲੀ ’ਤੇ ਮਿੱਟੀ ਦੇ ਦੀਵਿਆਂ ਦੀ ਚਮਕ ਨੂੰ ਮਹਿੰਗਾਈ ਤੇ ਬਦਲਦੇ ਰੁਝਾਨਾਂ ਦੀ ਮਾਰ
Publish Date: Mon, 26 Oct 2026 06:05 PM (IST)
Updated Date: Mon, 26 Oct 2026 06:07 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਦੀਵਾਲੀ ਦਾ ਤਿਉਹਾਰ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਰੌਸ਼ਨੀ ਅਤੇ ਸਜਾਵਟ ਦੀਆਂ ਰੌਣਕਾਂ ਵਧ ਜਾਂਦੀਆਂ ਹਨ। ਇੱਕ ਪਾਸੇ ਬਿਜਲੀ ਦੀਆਂ ਲੜੀਆਂ, ਰੰਗ-ਬਿਰੰਗੇ ਬਲਬ ਅਤੇ ਤਿਆਰ ਸਜਾਵਟੀ ਸਾਮਾਨ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਆਪਣੀ ਕਲਾ ਅਤੇ ਰੁਜ਼ਗਾਰ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਫਾਜ਼ਿਲਕਾ ਵਿੱਚ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਲਈ ਦੀਵਾਲੀ ਸਿਰਫ਼ ਤਿਉਹਾਰ ਨਹੀਂ, ਸਗੋਂ ਸਾਲ ਦੀ ਕਮਾਈ ਦੀ ਇੱਕ ਵੱਡੀ ਉਮੀਦ ਵੀ ਹੈ। ਪਰ ਵਧਦੀ ਲਾਗਤ, ਮਿੱਟੀ ਦੀ ਘੱਟ ਉਪਲਬਧਤਾ ਅਤੇ ਬਾਜ਼ਾਰ ਵਿੱਚ ਬਦਲ ਰਹੀ ਪਸੰਦ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਧਰਮਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਹੈ। ਪਹਿਲਾਂ ਪਿੰਡਾਂ ਦੇ ਮੇਲਿਆਂ ਅਤੇ ਬਾਜ਼ਾਰਾਂ ਵਿੱਚ ਮਿੱਟੀ ਦੇ ਦੀਵਿਆਂ, ਘੜਿਆਂ, ਕਰਵਿਆਂ ਅਤੇ ਗੁੱਲਕਾਂ ਦੀ ਕਾਫ਼ੀ ਮੰਗ ਹੁੰਦੀ ਸੀ, ਪਰ ਹੁਣ ਬਿਜਲੀ ਦੀਆਂ ਲੜੀਆਂ ਅਤੇ ਮਸ਼ੀਨਾਂ ਨਾਲ ਤਿਆਰ ਹੋਣ ਵਾਲੇ ਸਾਮਾਨ ਕਾਰਨ ਰਵਾਇਤੀ ਮਿੱਟੀ ਦੇ ਉਤਪਾਦਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਵਿਆਂ ਨਾਲ ਲੋਕ ਆਪਣੇ ਘਰ ਰੌਸ਼ਨ ਕਰਦੇ ਹਨ, ਉਨ੍ਹਾਂ ਨੂੰ ਬਣਾਉਣ ਵਾਲੇ ਪਰਿਵਾਰਾਂ ਲਈ ਆਪਣੀ ਰੋਜ਼ੀ-ਰੋਟੀ ਚਲਾਉਣੀ ਵੀ ਔਖੀ ਹੋ ਗਈ ਹੈ। ਮੁਫ਼ਤ ਮਿਲਣ ਵਾਲੀ ਮਿੱਟੀ ਹੁਣ ਬਣੀ ਵਾਧੂ ਖਰਚੇ ਦਾ ਕਾਰਨ ਧਰਮਪਾਲ ਨੇ ਦੱਸਿਆ ਕਿ ਪਹਿਲਾਂ ਉਹ ਪਿੰਡਾਂ ਵਿੱਚੋਂ ਜ਼ਿਮੀਂਦਾਰਾਂ ਕੋਲੋਂ ਮਿੱਟੀ ਮੁਫ਼ਤ ਲਿਆਉਂਦੇ ਸਨ, ਪਰ ਹੁਣ ਚੰਗੀ ਗੁਣਵੱਤਾ ਵਾਲੀ ਮਿੱਟੀ ਲੈਣ ਲਈ ਫਾਜ਼ਿਲਕਾ ਤੋਂ 30 ਤੋਂ 35 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ। ਇਸ ਲਈ ਮਿੱਟੀ ਖਰੀਦਣ ਦੇ ਨਾਲ-ਨਾਲ ਢੋਆ-ਢੁਆਈ ਦਾ ਖਰਚਾ ਵੀ ਕਰਨਾ ਪੈਂਦਾ ਹੈ। ਕੱਚਾ ਮਾਲ ਮਹਿੰਗਾ ਹੋਣ ਕਾਰਨ ਦੀਵੇ ਬਣਾਉਣ ਦੀ ਲਾਗਤ ਵਧ ਗਈ ਹੈ, ਪਰ ਗਾਹਕਾਂ ਵੱਲੋਂ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਕੀਮਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਮਿੱਟੀ ਦੇ ਦੀਵੇ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਸੁਕਾਉਣ ਅਤੇ ਭੱਠੀ ਵਿੱਚ ਪਕਾਉਣ ਤੱਕ ਕਾਫ਼ੀ ਸਮਾਂ ਅਤੇ ਮਿਹਨਤ ਲੱਗਦੀ ਹੈ। ਇਸ ਦੇ ਬਾਵਜੂਦ ਮੁਨਾਫ਼ਾ ਬਹੁਤ ਘੱਟ ਰਹਿ ਜਾਂਦਾ ਹੈ। ਬਦਲਦੇ ਸਮੇਂ ਨਾਲ ਇਸ ਰਵਾਇਤੀ ਕਿੱਤੇ ਨੂੰ ਜਾਰੀ ਰੱਖਣਾ ਚੁਣੌਤੀ ਬਣਦਾ ਜਾ ਰਿਹਾ ਹੈ। ਮਾਂ-ਪੁੱਤ ਮਿਲ ਕੇ ਤਿਆਰ ਕਰ ਰਹੇ ਹਜ਼ਾਰਾਂ ਦੀਵੇ ਧਰਮਪਾਲ ਦੀ ਮਾਤਾ ਰਾਮ ਕਲਾ ਦੇਵੀ ਵੀ ਇਸ ਕੰਮ ਵਿੱਚ ਆਪਣੇ ਪੁੱਤਰ ਦਾ ਹੱਥ ਵਟਾਉਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਮਿੱਟੀ ਦੇ ਦੀਵੇ ਅਤੇ ਹੋਰ ਸਾਮਾਨ ਤਿਆਰ ਕਰਨ ਵਿੱਚ ਸਹਿਯੋਗ ਦੇ ਰਹੇ ਹਨ। ਦੀਵੇ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਪਕਾਉਣ ਤੱਕ 20 ਤੋਂ 25 ਦਿਨ ਲੱਗ ਜਾਂਦੇ ਹਨ। ਇਸ ਵਾਰ ਉਹ ਲਗਭਗ 10 ਹਜ਼ਾਰ ਦੀਵੇ ਤਿਆਰ ਕਰ ਰਹੇ ਹਨ, ਜਿਨ੍ਹਾਂ ਨੂੰ ਭੱਠੀ ਵਿੱਚ ਪਕਾਉਣ ਤੋਂ ਬਾਅਦ ਵਿਕਰੀ ਲਈ ਬਾਜ਼ਾਰ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਉਹ ਦੀਵਿਆਂ ਦੇ ਨਾਲ ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਅਤੇ ਹਠੜੀਆਂ ਵਰਗਾ ਸਾਮਾਨ ਵੀ ਤਿਆਰ ਕਰਦੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦੀ ਮੰਗ ਵਧੇਗੀ, ਪਰ ਮਹਿੰਗੇ ਕੱਚੇ ਮਾਲ ਅਤੇ ਮਿਹਨਤ ਦੇ ਮੁਕਾਬਲੇ ਘੱਟ ਕੀਮਤ ਮਿਲਣ ਕਾਰਨ ਚਿੰਤਾ ਬਣੀ ਹੋਈ ਹੈ। ਦੀਵੇ ਸਜਾਉਣ ਵਾਲੀ ਕਲਾ ਨਾਲ ਜੁੜੀਆਂ ਔਰਤਾਂ ਵੀ ਪਰੇਸ਼ਾਨ ਫਾਜ਼ਿਲਕਾ ਦੇ ਸਲੇਮਸ਼ਾਹ ਬਜ਼ਾਰ ਵਿੱਚ ਮਿੱਟੀ ਦੇ ਦੀਵਿਆਂ ’ਤੇ ਕਲਾਕਾਰੀ ਕਰਨ ਵਾਲੀ ਮਿਰਾ ਰਾਣੀ ਨੇ ਦੱਸਿਆ ਕਿ ਉਹ ਦੀਵੇ ਤਿਆਰ ਕਰਕੇ ਉਨ੍ਹਾਂ ’ਤੇ ਸਜਾਵਟੀ ਕੰਮ ਕਰਕੇ ਫਿਰ ਅੱਗੇ ਵੇਚਦੇ ਹਨ। ਇਸ ਕੰਮ ਵਿੱਚ ਸਮਾਂ ਅਤੇ ਮਿਹਨਤ ਦੋਵੇਂ ਲੱਗਦੇ ਹਨ, ਪਰ ਵਿਕਰੀ ਤੋਂ ਮਿਲਣ ਵਾਲੀ ਰਕਮ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦੇ ਸਕਦੀ। ਮਿਰਾ ਰਾਣੀ ਨੇ ਕਿਹਾ ਕਿ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਰਵਾਇਤੀ ਕਿੱਤੇ ਨਾਲ ਜੁੜੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਘੁਮਿਆਰਾਂ ਅਤੇ ਮਿੱਟੀ ਦੇ ਦੀਵਿਆਂ ’ਤੇ ਕਲਾਕਾਰੀ ਕਰਕੇ ਰੋਜ਼ੀ ਕਮਾਉਣ ਵਾਲੇ ਪਰਿਵਾਰਾਂ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਵੇ, ਤਾਂ ਜੋ ਇਸ ਰਵਾਇਤੀ ਕਲਾ ਨੂੰ ਬਚਾਇਆ ਜਾ ਸਕੇ ਅਤੇ ਅਗਲੀ ਪੀੜ੍ਹੀ ਵੀ ਇਸ ਕਿੱਤੇ ਨਾਲ ਜੁੜਨ ਲਈ ਉਤਸ਼ਾਹਿਤ ਹੋਵੇ। ਦੀਵਾਲੀ ’ਤੇ ਚਾਨਣ ਵੰਡਣ ਵਾਲੇ ਇਨ੍ਹਾਂ ਕਾਰੀਗਰਾਂ ਦੀ ਮੰਗ ਹੈ ਕਿ ਲੋਕ ਸਜਾਵਟੀ ਬਿਜਲੀ ਦੀਆਂ ਲੜੀਆਂ ਦੇ ਨਾਲ ਮਿੱਟੀ ਦੇ ਦੀਵਿਆਂ ਨੂੰ ਵੀ ਤਰਜੀਹ ਦੇਣ। ਇਸ ਨਾਲ ਨਾ ਸਿਰਫ਼ ਰਵਾਇਤੀ ਕਲਾ ਨੂੰ ਹੁਲਾਰਾ ਮਿਲੇਗਾ, ਸਗੋਂ ਉਨ੍ਹਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਵੀ ਸਹਾਰਾ ਮਿਲ ਸਕੇਗਾ, ਜਿਨ੍ਹਾਂ ਦੀ ਮਿਹਨਤ ਨਾਲ ਦੀਵਾਲੀ ਦੀ ਰੌਣਕ ਪੂਰੀ ਹੁੰਦੀ ਹੈ। ਅਜੋਕੇ ਯੁੱਗ ਨੇ ਘਟਾਈ ਮਿੱਟੀ ਦੇ ਭਾਂਡਿਆਂ ਦੀ ਕਦਰ ਇੱਕ ਸਮਾਂ ਸੀ ਜਦੋਂ ਮਿੱਟੀ ਦੇ ਦੀਵੇ, ਘੜੇ, ਕਰਵੇ, ਗੁੱਲਕਾਂ ਅਤੇ ਹੋਰ ਭਾਂਡੇ ਹਰ ਘਰ ਦੀ ਲੋੜ ਹੁੰਦੇ ਸਨ। ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਵਿੱਚ ਵੀ ਇਨ੍ਹਾਂ ਦੀ ਵਿਸ਼ੇਸ਼ ਮਹੱਤਤਾ ਸੀ। ਪਰ ਅਜੋਕੇ ਮਸ਼ੀਨੀ ਯੁੱਗ ਵਿੱਚ ਪਲਾਸਟਿਕ, ਸਟੀਲ ਅਤੇ ਹੋਰ ਧਾਤਾਂ ਦੇ ਭਾਂਡਿਆਂ ਦੇ ਨਾਲ-ਨਾਲ ਬਿਜਲੀ ਦੀਆਂ ਸਜਾਵਟੀ ਲੜੀਆਂ ਨੇ ਮਿੱਟੀ ਦੇ ਸਾਮਾਨ ਦੀ ਮੰਗ ਘਟਾ ਦਿੱਤੀ ਹੈ। ਇਸ ਕਾਰਨ ਪੀੜ੍ਹੀਆਂ ਤੋਂ ਇਸ ਕਿੱਤੇ ਨਾਲ ਜੁੜੇ ਘੁਮਿਆਰਾਂ ਨੂੰ ਆਪਣੀ ਮਿਹਨਤ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ। ਕੱਚੇ ਮਾਲ ਦੀ ਵਧਦੀ ਕੀਮਤ ਅਤੇ ਵਿਕਰੀ ਦੀ ਅਨਿਸ਼ਚਿਤਤਾ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਜੇਕਰ ਲੋਕ ਰਵਾਇਤੀ ਮਿੱਟੀ ਦੇ ਉਤਪਾਦਾਂ ਨੂੰ ਤਰਜੀਹ ਦੇਣ ਅਤੇ ਸਰਕਾਰ ਇਨ੍ਹਾਂ ਕਾਰੀਗਰਾਂ ਦੀ ਮਦਦ ਲਈ ਵਿਸ਼ੇਸ਼ ਯੋਜਨਾਵਾਂ ਬਣਾਏ, ਤਾਂ ਇਸ ਵਿਰਾਸਤੀ ਕਿੱਤੇ ਨੂੰ ਬਚਾਇਆ ਜਾ ਸਕਦਾ ਹੈ।