ਫ਼ਾਜ਼ਿਲਕਾ ਤੋਂ ਅੱਜ ਨਿਕਲੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਸ਼ਿਆਂ ਖ਼ਿਲਾਫ਼ ਪੰਜਾਬ ਨੂੰ ਇਕਜੁੱਟ ਕਰਨ ਦਾ ਸੰਕਲਪ, 20 ਸਤੰਬਰ ਨੂੰ ਫ਼ਾਜ਼ਿਲਕਾ ਤੋਂ ਨਿਕਲੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’
Publish Date: Sat, 19 Sep 2026 06:46 PM (IST)
Updated Date: Sat, 19 Sep 2026 06:47 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਭਾਜਪਾ ਵੱਲੋਂ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਫ਼ਾਜ਼ਿਲਕਾ ਪੜਾਅ 20 ਸਤੰਬਰ ਨੂੰ ਸ਼ੁਰੂ ਹੋਵੇਗਾ। ਫ਼ਾਜ਼ਿਲਕਾ ਦੇ ਆਸਫਵਾਲਾ ਸਥਿਤ 1971 ਜੰਗੀ ਯਾਦਗਾਰ ਤੋਂ ਸ਼ੁਰੂ ਹੋਣ ਵਾਲੀ ਇਸ ਯਾਤਰਾ ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਨਸ਼ਾ ਸਿਰਫ਼ ਕਿਸੇ ਇੱਕ ਪਰਿਵਾਰ ਜਾਂ ਵਰਗ ਦੀ ਸਮੱਸਿਆ ਨਹੀਂ, ਸਗੋਂ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨਾਲ ਜੁੜਿਆ ਗੰਭੀਰ ਸਮਾਜਿਕ ਮੁੱਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਸਿਰਫ਼ ਸਿਆਸੀ ਬਿਆਨਬਾਜ਼ੀ ਤੱਕ ਸੀਮਤ ਰੱਖਣ ਦੀ ਬਜਾਏ ਸਮਾਜ ਦੇ ਹਰ ਵਰਗ ਨੂੰ ਨਾਲ ਜੋੜ ਕੇ ਜਨਅੰਦੋਲਨ ਦਾ ਰੂਪ ਦੇਣ ਦੀ ਲੋੜ ਹੈ। ਸੰਦੀਪ ਜਾਖੜ ਨੇ ਦੱਸਿਆ ਕਿ 20 ਸਤੰਬਰ ਨੂੰ ਸਵੇਰੇ 10 ਵਜੇ ਆਸਫਵਾਲਾ ਤੋਂ ਯਾਤਰਾ ਦਾ ਸ਼ੁਭ ਆਰੰਭ ਹੋਵੇਗਾ। ਇਸ ਤੋਂ ਬਾਅਦ ਸਵੇਰੇ 11 ਵਜੇ ਫ਼ਾਜ਼ਿਲਕਾ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਪ੍ਰੋਗਰਾਮ ਹੋਵੇਗਾ। ਦੁਪਹਿਰ 2 ਵਜੇ ਪੁਰਾਣੀ ਸਬਜ਼ੀ ਮੰਡੀ ਤੋਂ ਸੰਜੀਵ ਸਿਨੇਮਾ ਚੌਕ ਤੱਕ ਯਾਤਰਾ ਕੱਢੀ ਜਾਵੇਗੀ। ਸ਼ਾਮ 6:15 ਵਜੇ ਅਬੋਹਰ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਜਨ ਸਭਾ ਹੋਵੇਗੀ। ਇਸ ਤੋਂ ਬਾਅਦ ਯਾਤਰਾ ਦਾ ਰਾਤਰੀ ਠਹਿਰਾਅ ਅਬੋਹਰ ਵਿੱਚ ਹੋਵੇਗਾ। ਉਨ੍ਹਾਂ ਪੰਜਾਬ ਵਾਸੀਆਂ, ਖਾਸ ਕਰਕੇ ਨੌਜਵਾਨਾਂ ਅਤੇ ਸਮਾਜ ਦੇ ਜ਼ਿੰਮੇਵਾਰ ਵਰਗਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਤੋਂ ਨਿਕਲਣ ਵਾਲੀ ਯਾਤਰਾ ਦੇ ਰਸਤੇ ਵਿੱਚ ਅਬੋਹਰ ਸਮੇਤ ਕਈ ਵਿਧਾਨ ਸਭਾ ਹਲਕੇ ਸ਼ਾਮਲ ਹਨ।