ਆਈਟੀਆਈ ਦੀ ਚਾਰਦੀਵਾਰੀ ਢਾਹੁਣ ਦੇ ਵਿਰੋਧ ’ਚ ਨਾਅਰੇਬਾਜ਼ੀ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਦੀ ਬਾਊਂਡਰੀਵਾਲ ਢਾਹੁਣ ਵਾਲਿਆਂ ਖ਼ਿਲਾਫ਼ ਤਿੰਨ ਦਿਨਾਂ ਅੰਦਰ ਐੱਫ.ਆਈ.ਆਰ. ਦਰਜ ਕਰਕੇ ਕੀਤਾ ਜਾਵੇ ਗ੍ਰਿਫ਼ਤਾਰ
Publish Date: Mon, 02 Nov 2026 04:07 PM (IST)
Updated Date: Mon, 02 Nov 2026 04:08 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਰਕਾਰੀ ਆਈਟੀਆਈ ਫਾਜ਼ਿਲਕਾ ਦੀ ਬਾਊਂਡਰੀਵਾਲ ਢਾਹੁਣ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਨੂੰ ਲੈ ਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਏਆਈਐੱਸਐੱਫ ਦੇ ਪ੍ਰਧਾਨ ਦੀਪਕ ਕੁਮਾਰ, ਕੁਲਵੰਤ ਮੁਹਾਰ ਸੋਨਾ ਤੇ ਸਕੱਤਰ ਧੀਰਜ ਕੁਮਾਰ ਨੇ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੂਰਾ, ਜ਼ਿਲ੍ਹਾ ਸਕੱਤਰ ਸਟਾਲਿਨ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜ ਭੈਣੀ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਮੁਹਾਰ ਸੋਨਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਮੁੱਖ ਸਲਾਹਕਾਰ ਗੁਰਦਿਆਲ ਢਾਬਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸਰਕਾਰੀ ਆਈਟੀਆਈ ’ਤੇ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼ ਅਤੇ ਬਾਊਂਡਰੀਵਾਲ ਢਾਹੁਣ ਦੇ ਮਾਮਲੇ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਅਤੇ ਇਸ ਪਿੱਛੇ ਕਥਿਤ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਤੁਰੰਤ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰਵਾਈ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਵੀਰਵਾਰ ਤੱਕ ਐੱਫ.ਆਈ.ਆਰ. ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਾਜ ਕੌਰ, ਕਾਜਲ, ਸੰਜਨਾ, ਪੁਨੀਤ, ਸਾਹਿਲ, ਸੁਨੀਲ, ਅੰਕਿਤ ਆਦਿ ਹਾਜ਼ਰ ਸਨ।