ਰਾਸ਼ਟਰਵਾਦੀ ਵਿਚਾਰ ਮੰਚ ਨੇ ਵਿਜੇ ਦਸ਼ਮੀ ਤੇ ਸ਼ਸਤਰ ਪੂਜਨ ਸਮਾਗਮ ਕਰਵਾਇਆ ਰਾਸ਼ਟਰਵਾਦੀ ਵਿਚਾਰ ਮੰਚ ਵੱਲੋਂ ਵਿਜੇ ਦਸ਼ਮੀ ਤੇ ਸ਼ਸਤਰ ਪੂਜਨ ਸਮਾਗਮ ਕਰਵਾਇਆ ਗਿਆ
Publish Date: Tue, 20 Oct 2026 05:52 PM (IST)
Updated Date: Tue, 20 Oct 2026 05:54 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਰਾਸ਼ਟਰਵਾਦੀ ਵਿਚਾਰ ਮੰਚ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਇਲਾਕੇ ਦੀ ਪ੍ਰਮੁੱਖ ਸੰਸਥਾ ਰਾਸ਼ਟਰਵਾਦੀ ਵਿਚਾਰ ਮੰਚ ਵੱਲੋਂ ਵਿਜੇ ਦਸ਼ਮੀ ਅਤੇ ਸ਼ਸਤਰ ਪੂਜਨ ਸਮਾਗਮ ਦਾ ਸ਼ਾਨਦਾਰ ਆਯੋਜਨ ਸ੍ਰੀ ਅਗਰਵਾਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸਿਧਾਰਥ ਖੁਰਾਨਾ, ਸਵਰਨਕਾਰ ਸੰਘ ਦੇ ਪ੍ਰਧਾਨ ਰਾਜਿੰਦਰ ਮੋਹਨ ਵਰਮਾ, ਮੈਸੇਜ ਇੰਟਰਨੈਸ਼ਨਲ ਇੰਜੀਨੀਅਰਜ਼ ਦੇ ਸੰਜੀਵ ਕੁਕਰੇਜਾ, ਆਈਡੀਬੀਆਈ ਬੈਂਕ ਫਾਜ਼ਿਲਕਾ ਦੀ ਸ਼ਾਖਾ ਪ੍ਰਬੰਧਕ ਮਮਤਾ ਪੈੜੀਵਾਲ, ਸਰਕਾਰੀ ਹਾਈ ਸਕੂਲ ਸ਼ਹਤੀਰਵਾਲਾ ਦੀ ਮੁੱਖ ਅਧਿਆਪਕਾ ਵੀਨੂ ਅਰੋੜਾ ਅਤੇ ਪ੍ਰਮੁੱਖ ਸਮਾਜ ਸੇਵੀ ਐਡਵੋਕੇਟ ਆਲੋਕ ਕਟਾਰੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਜੇ ਨਰੂਲਾ ਅਤੇ ਸੰਜੀਵ ਸ਼ਰਮਾ ਐਂਡ ਪਾਰਟੀ ਵੱਲੋਂ ਸਮੂਹਿਕ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਇਸ ਦੌਰਾਨ ਬਜਰੰਗ ਦਲ ਦੇ ਵਿਭਾਗ ਸੰਯੋਜਕ ਮਨੀਸ਼ ਸਵਾਮੀ ਅਤੇ ਸਰਵਹਿਤਕਾਰੀ ਵਿਦਿਆ ਮੰਦਰ ਦੇ ਕਰਮਚਾਰੀ ਅਰਵਿੰਦ ਕੁਮਾਰ ਨੂੰ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਮੰਚ ਵੱਲੋਂ ‘ਧਰਮ ਧਵਜ ਰੱਖਿਅਕ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਕਰਨ ਗਿਲਹੋਤਰਾ ਨੇ ਮੰਚ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਅਤੇ ਧਰਮ ਦੀ ਰੱਖਿਆ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੀ ਸੇਵਾ ਲਈ ਜਦੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ, ਉਹ ਤਨ, ਮਨ ਤੇ ਧਨ ਨਾਲ ਸੇਵਾ ਲਈ ਹਾਜ਼ਰ ਰਹਿਣਗੇ। ਮੰਚ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਰਾਜੇਸ਼ ਠਕਰਾਲ ਨੇ ਆਪਣੇ ਸੰਬੋਧਨ ਵਿੱਚ ਸਨਾਤਨ ਧਰਮ ਵਿੱਚ ਸ਼ਕਤੀ ਪੂਜਾ ਅਤੇ ਸ਼ਸਤਰ ਪੂਜਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਉੱਚ ਧਾਰਮਿਕ ਸੰਸਕਾਰ ਦੇਣ ਦੇ ਨਾਲ-ਨਾਲ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਸ੍ਰੀ ਰਾਮਚਰਿਤਮਾਨਸ ਅਤੇ ਸ੍ਰੀਮਦ ਭਗਵਦ ਗੀਤਾ ਦਾ ਅਧਿਐਨ ਕਰਨ ਦੀ ਅਪੀਲ ਕਰਦਿਆਂ ਧਾਰਮਿਕ ਗ੍ਰੰਥਾਂ ਅਤੇ ਸ਼ਸਤਰਾਂ ਦੀ ਮਹੱਤਤਾ ਨੂੰ ਸਮਝਣ ਅਤੇ ਧਰਮ ਦੀ ਰੱਖਿਆ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਮੰਚ ਦੀਆਂ ਗਤੀਵਿਧੀਆਂ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਗਵਾਨ ਸ੍ਰੀ ਰਾਮ ਤੇ ਹਨੂੰਮਾਨ ਜੀ ਦੀ ਆਰਤੀ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਰੋਸ਼ਨ ਵਰਮਾ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਸ ਮੌਕੇ ਪ੍ਰੋਗਰਾਮ ਇੰਚਾਰਜ ਅਮਿਤ ਮੱਕੜ, ਸਹਿ-ਇੰਚਾਰਜ ਸੁਨੀਲ ਗਰੋਵਰ, ਨਿਤਿਨ ਕਟਾਰੀਆ, ਰਾਜਕੁਮਾਰ ਕਟਾਰੀਆ, ਐਡਵੋਕੇਟ ਅਨਿਲ ਸੇਤੀਆ, ਸ਼ਸ਼ੀਕਾਂਤ ਆਰੀਆ, ਵਿਜੇ ਨਰੂਲਾ, ਰਾਜੇਸ਼ ਕੁਕੜ, ਸ਼ਿਵੇਨ ਕਾਲੜਾ, ਸੰਦੀਪ ਅਨੇਜਾ, ਗੌਰਵ ਵਧਵਾ, ਸਾਜਨ ਗੁਗਲਾਨੀ ਅਤੇ ਅਰਪਿਤ ਸੇਤੀਆ ਸਮੇਤ ਸ਼ਹਿਰ ਦੀਆਂ ਵੱਖ-ਵੱਖ ਵਿਦਿਅਕ, ਸਮਾਜਿਕ, ਰਾਜਨੀਤਿਕ, ਵਪਾਰਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ, ਔਰਤਾਂ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।