ਰਾਣਾ ਪਿੰਡ ਮੇਰਾ ਪਰਿਵਾਰ ਹੈ, ਤੁਹਾਡੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ : ਕਰਨ ਗਿਲਹੋਤਰਾ ਰਾਣਾ ਪਿੰਡ ਮੇਰਾ ਪਰਿਵਾਰ ਹੈ, ਤੁਹਾਡੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ: ਕਰਨ ਗਿਲਹੋਤਰਾ
Publish Date: Thu, 23 Jul 2026 04:04 PM (IST)
Updated Date: Thu, 23 Jul 2026 04:07 PM (IST)
- ਸ਼੍ਰੀ ਬਾਬਾ ਖੈਜੀ ਵਾਲਾ ਪੀਰ ਜੀ ਦੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੀ ਸ਼ਰਧਾ ਨਾਲ ਸ਼ੁਰੂਆਤ, ਵੱਡੀ ਗਿਣਤੀ ਵਿੱਚ ਸੰਗਤ ਹੋਈ ਨਤਮਸਤਕ ਕਪਿਲ ਜਸੂਜਾ, ਪੰਜਾਬੀ ਜਾਗਰਣ ਫਾਜ਼ਿਲਕਾ : ਪਿੰਡ ਰਾਣਾ ਵਿਖੇ ਸ਼੍ਰੀ ਬਾਬਾ ਖੈਜੀ ਵਾਲਾ ਪੀਰ ਜੀ ਦੀ ਪਾਵਨ ਯਾਦ ਵਿੱਚ ਕਰਵਾਏ ਜਾ ਰਹੇ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਸ਼ਰਧਾ ਅਤੇ ਧਾਰਮਿਕ ਮਾਹੌਲ ਵਿੱਚ ਹੋਈ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਧਾਰਮਿਕ ਸਮਾਗਮ ਵਿੱਚ ਪ੍ਰਮੁੱਖ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤ ਨਾਲ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਨੂਰਸ਼ਾਹ, ਕਿਸਾਨ ਆਗੂ ਹਰੀਸ਼ ਨੱਡਾ, ਧੀਰਾ ਬਰਾੜ, ਪਵਨ ਭਠੇਜਾ ਅਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕਰਨ ਗਿਲਹੋਤਰਾ ਨੇ ਕਿਹਾ ਕਿ ਰਾਣਾ ਪਿੰਡ ਮੇਰੇ ਲਈ ਸਿਰਫ਼ ਇੱਕ ਪਿੰਡ ਨਹੀਂ, ਸਗੋਂ ਮੇਰਾ ਪਰਿਵਾਰ ਹੈ। ਇਸ ਪਿੰਡ ਦੇ ਲੋਕਾਂ ਨੇ ਹਮੇਸ਼ਾ ਸਾਡੇ ਪਰਿਵਾਰ ਨੂੰ ਬੇਅੰਤ ਪਿਆਰ, ਸਨਮਾਨ ਅਤੇ ਆਪਣਾਪਣ ਦਿੱਤਾ ਹੈ। ਪਹਿਲਾਂ ਮੇਰੇ ਦਾਦਾ ਜੀ ਨੂੰ ਇਸ ਪਿੰਡ ਵੱਲੋਂ ਬਹੁਤ ਮਾਣ-ਸਨਮਾਨ ਮਿਲਿਆ, ਉਸ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਵੀ ਪਿੰਡ ਵਾਸੀਆਂ ਨੇ ਹਮੇਸ਼ਾ ਆਪਣਾ ਸਮਝਿਆ ਅਤੇ ਹੁਣ ਮੈਨੂੰ ਵੀ ਉਹੀ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਮੈਂ ਇਸ ਪਿਆਰ ਲਈ ਸਮੂਹ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ ਅਤੇ ਉਹ ਹਮੇਸ਼ਾ ਲੋਕਾਂ ਦੇ ਸੁੱਖ-ਦੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਰਾਣਾ ਪਿੰਡ ਅਤੇ ਸਮੁੱਚੇ ਇਲਾਕੇ ਦੇ ਵਿਕਾਸ, ਧਾਰਮਿਕ ਸਮਾਗਮਾਂ, ਸਮਾਜਿਕ ਗਤੀਵਿਧੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹ ਹਮੇਸ਼ਾ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਕਰਨ ਗਿਲਹੋਤਰਾ ਨੇ ਕਿਹਾ ਕਿ ਧਾਰਮਿਕ ਮੇਲੇ ਅਤੇ ਅਜਿਹੇ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਏਕਤਾ ਅਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਅਤੇ ਸਮਾਜਿਕ ਵਿਰਸੇ ਨਾਲ ਜੁੜੇ ਰਹਿਣ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਰਨ ਗਿਲਹੋਤਰਾ ਦਾ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰ ਕੇ ਜੀ ਆਇਆਂ ਆਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਗਏ, ਜਿੱਥੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸੰਗਤ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪ੍ਰਸ਼ਾਦਾ ਛਕਿਆ। ਜੋੜ ਮੇਲੇ ਦੇ ਪਹਿਲੇ ਦਿਨ ਧਾਰਮਿਕ ਮਾਹੌਲ ਅਤੇ ਸੰਗਤ ਦੇ ਉਤਸ਼ਾਹ ਨੇ ਪੂਰੇ ਇਲਾਕੇ ਨੂੰ ਸ਼ਰਧਾ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਧਾਰਮਿਕ ਆਗੂ, ਸਮਾਜ ਸੇਵੀ, ਨੌਜਵਾਨ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੀ ਸੰਗਤ ਹਾਜ਼ਰ ਸਨ।