ਪਿਆਰ, ਵਿਸ਼ਵਾਸ ਤੇ ਸਤਿਕਾਰ ਦਾ ਸੰਦੇਸ਼ ਦਿੰਦੀ ਰੱਖੜੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਸ਼ਰਧਾ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Publish Date: Wed, 02 Sep 2026 05:36 PM (IST)
Updated Date: Wed, 02 Sep 2026 05:37 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਥਾਨਕ ਆਸ਼ਰਮ ਵਿਖੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਰੱਖੜੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਸਤਸੰਗ ਅਤੇ ਆਧਿਆਤਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ ਸਾਧਵੀ ਬਲਜੀਤ ਭਾਰਤੀ ਜੀ ਨੇ ਸਮੂਹ ਸੰਗਤ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੱਖੜੀ ਸਿਰਫ਼ ਭੈਣ ਵੱਲੋਂ ਭਰਾ ਦੀ ਕਲਾਈ ’ਤੇ ਧਾਗਾ ਬੰਨ੍ਹਣ ਦਾ ਤਿਉਹਾਰ ਨਹੀਂ, ਸਗੋਂ ਇਹ ਭੈਣ-ਭਰਾ ਦੇ ਪਿਆਰ, ਵਿਸ਼ਵਾਸ, ਸਤਿਕਾਰ ਅਤੇ ਆਪਸੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਰੱਖੜੀ ਦੇ ਇਤਿਹਾਸ ਅਤੇ ਇਸ ਨਾਲ ਜੁੜੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ। ਸਾਧਵੀ ਜੀ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ, ਪਰ ਆਧਿਆਤਮਿਕ ਦ੍ਰਿਸ਼ਟੀ ਤੋਂ ਮਨੁੱਖ ਦੀ ਅਸਲ ਰੱਖਿਆ ਕਰਨ ਵਾਲੇ ਸਤਿਗੁਰੂ ਹੀ ਹਨ। ਜਦੋਂ ਮਨੁੱਖ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਆਤਮਿਕ ਗਿਆਨ ਪ੍ਰਾਪਤ ਕਰਦਾ ਹੈ ਤਾਂ ਉਸ ਦਾ ਜੀਵਨ ਸਹੀ ਦਿਸ਼ਾ ਵੱਲ ਅੱਗੇ ਵਧਦਾ ਹੈ। ਇਸ ਮੌਕੇ ਸੰਸਥਾਨ ਦੀਆਂ ਸਾਧਵੀ ਭੈਣਾਂ ਵੱਲੋਂ ਸੰਗਤ ਨੂੰ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਸਭ ਦੀ ਲੰਮੀ ਉਮਰ, ਖੁਸ਼ਹਾਲੀ ਅਤੇ ਸੁਖਮਈ ਜੀਵਨ ਦੀ ਕਾਮਨਾ ਕੀਤੀ। ਸੰਗਤ ਨੇ ਵੀ ਇਸ ਪਵਿੱਤਰ ਮੌਕੇ ਨੂੰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ। ਸਮਾਗਮ ਦੌਰਾਨ ਸਾਧਵੀ ਗੁਰਪ੍ਰੀਤ ਭਾਰਤੀ ਜੀ ਵੱਲੋਂ ਭਜਨ-ਕੀਰਤਨ ਪੇਸ਼ ਕੀਤਾ ਗਿਆ। ਆਧਿਆਤਮਿਕ ਭਜਨਾਂ ਨੇ ਸਮਾਗਮ ਨੂੰ ਹੋਰ ਵੀ ਭਾਵਪੂਰਤ ਬਣਾ ਦਿੱਤਾ। ਸੰਗਤ ਨੇ ਸ਼ਰਧਾ ਨਾਲ ਭਜਨ-ਕੀਰਤਨ ਦਾ ਆਨੰਦ ਮਾਣਿਆ। ਸਮਾਗਮ ਦੇ ਅੰਤ ਵਿੱਚ ਸੰਗਤ ਨੂੰ ਰੱਖੜੀ ਦੇ ਤਿਉਹਾਰ ਨੂੰ ਸਿਰਫ਼ ਰਸਮ ਵਜੋਂ ਨਹੀਂ, ਸਗੋਂ ਆਪਸੀ ਪਿਆਰ, ਸਤਿਕਾਰ, ਭਾਈਚਾਰੇ ਅਤੇ ਆਧਿਆਤਮਿਕ ਚੇਤਨਾ ਨਾਲ ਮਨਾਉਣ ਦਾ ਸੰਦੇਸ਼ ਦਿੱਤਾ ਗਿਆ।