ਮੀਂਹ ਕਾਰਨ ਫਾਜ਼ਿਲਕਾ ਮੰਡੀ ’ਚ 2500 ਕੁਇੰਟਲ ਝੋਨਾ ਰੁੜ੍ਹਿਆ, 70 ਹਜ਼ਾਰ ਬੋਰੀਆਂ ਭਿੱਜੀਆਂ ਮੀਂਹ ਕਾਰਨ ਫਾਜ਼ਿਲਕਾ ਮੰਡੀ ਵਿੱਚ 2500 ਕੁਇੰਟਲ ਝੋਨਾ ਰੁੜ੍ਹਿਆ, 70 ਹਜ਼ਾਰ ਬੋਰੀਆਂ ਭਿੱਜੀਆਂ
Publish Date: Sat, 17 Oct 2026 05:13 PM (IST)
Updated Date: Sat, 17 Oct 2026 05:15 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਮੀਂਹ ਤੋਂ ਬਾਅਦ ਮੰਡੀ ਵਿੱਚ ਹੋਏ ਨੁਕਸਾਨ ਦੀ ਤਸਵੀਰ ਸਾਹਮਣੇ ਆਉਣ ਲੱਗੀ ਹੈ। ਮੰਡੀ ਵਿੱਚ ਥਾਂ-ਥਾਂ ਪਾਣੀ ਨਾਲ ਖ਼ਰਾਬ ਹੋਇਆ ਝੋਨਾ ਖਿੱਲਰਿਆ ਪਿਆ ਹੈ, ਜਦਕਿ ਕਈ ਕਿਸਾਨਾਂ ਦਾ ਝੋਨਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਹੈ। ਫਾਜ਼ਿਲਕਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੋਲਡੀ ਸਚਦੇਵਾ ਨੇ ਪ੍ਰਸ਼ਾਸਨ ਨੂੰ ਸੌਂਪੀ ਗਈ ਰਿਪੋਰਟ ਦੇ ਆਧਾਰ ’ਤੇ ਦੱਸਿਆ ਕਿ ਮੰਡੀ ਵਿੱਚ ਕਈ-ਕਈ ਫੁੱਟ ਪਾਣੀ ਭਰਨ ਕਾਰਨ ਲਗਭਗ 2500 ਕੁਇੰਟਲ ਝੋਨਾ ਰੁੜ੍ਹ ਗਿਆ ਹੈ। ਇਸ ਤੋਂ ਇਲਾਵਾ ਕਰੀਬ 70 ਹਜ਼ਾਰ ਬੋਰੀਆਂ ਝੋਨਾ ਮੀਂਹ ਦੇ ਪਾਣੀ ਵਿੱਚ ਪੂਰੀ ਤਰ੍ਹਾਂ ਭਿੱਜ ਗਿਆ ਹੈ। ਭਿੱਜੇ ਹੋਏ ਝੋਨੇ ਨੂੰ ਹੁਣ ਬੋਰੀਆਂ ਵਿੱਚੋਂ ਕੱਢ ਕੇ ਪੱਖਿਆਂ ਦੀ ਮਦਦ ਨਾਲ ਸੁਕਾਇਆ ਜਾ ਰਿਹਾ ਹੈ ਅਤੇ ਮੁੜ ਪੈਕਿੰਗ ਕੀਤੀ ਜਾ ਰਹੀ ਹੈ। ਇਸ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ, ਮਿਹਨਤ ਅਤੇ ਵਾਧੂ ਖ਼ਰਚ ਆ ਰਿਹਾ ਹੈ। ਆੜ੍ਹਤੀਆਂ ਨੇ ਸਵਾਲ ਉਠਾਇਆ ਹੈ ਕਿ ਜਿਹੜਾ ਝੋਨਾ ਪਹਿਲਾਂ ਹੀ ਖਰੀਦਿਆ ਜਾ ਚੁੱਕਾ ਸੀ ਅਤੇ ਹੁਣ ਖ਼ਰਾਬ ਹੋ ਗਿਆ ਹੈ, ਉਸ ਦੇ ਨੁਕਸਾਨ ਦੀ ਭਰਪਾਈ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਕਿਸਾਨਾਂ ਨੂੰ ਲੱਖਾਂ ਦਾ ਨੁਕਸਾਨ, ਝੋਨਾ ਹੋਇਆ ਕਾਲਾ ਮੂਠਿਆਂਵਾਲੀ ਦੇ ਕਿਸਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ 15 ਏਕੜ ਦੀ ਫ਼ਸਲ ਲੈ ਕੇ ਮੰਡੀ ਵਿੱਚ ਆਏ ਸਨ। ਉਨ੍ਹਾਂ ਦੀ ਪੂਰੀ ਖਰੀਦੀ ਜਾ ਚੁੱਕੀ ਫ਼ਸਲ ਨੂੰ ਮੀਂਹ ਤੋਂ ਬਾਅਦ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦਲਮੀਰ ਖੇੜਾ ਦੇ ਕਿਸਾਨ ਸਾਰਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਏਕੜ ਦੀ ਫ਼ਸਲ ਭਿੱਜਣ ਕਾਰਨ ਕਾਲੀ ਪੈ ਗਈ ਹੈ। ਪ੍ਰਤੀ ਏਕੜ ਪੰਜ ਤੋਂ ਛੇ ਕੁਇੰਟਲ ਝੋਨਾ ਖ਼ਰਾਬ ਹੋ ਗਿਆ ਹੈ। ਨੁਕਸਾਨ ਦੇ ਮੁਲਾਂਕਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਮਾਰਕੀਟ ਕਮੇਟੀ ਦੇ ਸਕੱਤਰ ਮਨਦੀਪ ਕਾਮਰਾ ਨੇ ਦੱਸਿਆ ਕਿ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ, ਡੀਐੱਫਐੱਸਸੀ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹਨ। ਕਮੇਟੀ ਵੱਲੋਂ ਪਾਣੀ ਵਿੱਚ ਰੁੜ੍ਹੇ ਝੋਨੇ, ਖ਼ਰਾਬ ਹੋਏ ਝੋਨੇ ਅਤੇ ਭਿੱਜਣ ਤੋਂ ਬਾਅਦ ਸੁਕਾਏ ਜਾ ਰਹੇ ਝੋਨੇ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਤਸਦੀਕ ਕਰਨ ਤੋਂ ਬਾਅਦ ਇਹ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਇਸ ਦੇ ਆਧਾਰ ’ਤੇ ਹੀ ਸਰਕਾਰ ਵੱਲੋਂ ਮੁਆਵਜ਼ੇ ਸਬੰਧੀ ਅੰਤਿਮ ਫ਼ੈਸਲਾ ਲਿਆ ਜਾਵੇਗਾ।