ਵਿਦਿਆਰਥੀ ਪ੍ਰੀਤ ਸਿੰਘ ਦੀ ਰਾਸ਼ਟਰੀ ਪੱਧਰ ਦੀ ਬੇਸਬਾਲ ਖੇਡਾਂ ਲਈ ਚੋਣ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀ ਪ੍ਰੀਤ ਸਿੰਘ ਦੀ ਰਾਸ਼ਟਰੀ ਪੱਧਰ ਦੀ ਬੇਸਬਾਲ ਖੇਡਾਂ ਲਈ ਚੋਣ
Publish Date: Thu, 24 Sep 2026 04:03 PM (IST)
Updated Date: Fri, 25 Sep 2026 04:00 AM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ,ਮੰਡੀ ਅਰਨੀਵਾਲਾ: ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਪ੍ਰੀਤ ਸਿੰਘ ਦੀ ਰਾਸ਼ਟਰੀ ਪੱਧਰ ਦੀਆਂ ਬੇਸਬਾਲ ਖੇਡਾਂ ਲਈ ਚੋਣ ਹੋਈ ਹੈ। ਰਾਸ਼ਟਰੀ ਪੱਧਰ ਦੇ ਇਹ ਮੁਕਾਬਲੇ ਨਵੀਂ ਦਿੱਲੀ ਵਿਖੇ ਕਰਵਾਏ ਜਾਣੇ ਹਨ। ਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪ੍ਰੀਤ ਸਿੰਘ ਨੇ ਆਪਣੀ ਖੇਡ ਪ੍ਰਤਿਭਾ, ਲਗਾਤਾਰ ਮਿਹਨਤ ਅਤੇ ਨਿਰੰਤਰ ਅਭਿਆਸ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਰਾਸ਼ਟਰੀ ਪੱਧਰ ’ਤੇ ਚੋਣ ਹੋਣਾ ਉਸਦੀ ਖੇਡ ਪ੍ਰਤਿਭਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਉਸਦੀ ਇਸ ਸਫਲਤਾ ਨੇ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਹੈ। ਇਸ ਮੌਕੇ ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਕਿਹਾ ਕਿ ਕਿਸੇ ਵਿਦਿਆਰਥੀ ਦਾ ਰਾਸ਼ਟਰੀ ਪੱਧਰ ਤੱਕ ਪਹੁੰਚਣਾ ਉਸਦੇ ਪਰਿਵਾਰ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰੀਤ ਸਿੰਘ ਨੇ ਆਪਣੇ ਟੀਚੇ ਪ੍ਰਤੀ ਸਮਰਪਣ ਅਤੇ ਨਿਰੰਤਰ ਮਿਹਨਤ ਰਾਹੀਂ ਇਹ ਸਾਬਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਨਾਲ ਵਿਦਿਆਰਥੀ ਕਿਸੇ ਵੀ ਖੇਤਰ ਵਿੱਚ ਆਪਣੀ ਪਛਾਣ ਬਣਾ ਸਕਦੇ ਹਨ। ਉਨ੍ਹਾਂ ਨੇ ਪ੍ਰੀਤ ਸਿੰਘ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਮੈਡਮ ਨੀਤੀ ਸਿੰਘ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਿੱਖਿਆ ਦੇ ਨਾਲ ਖੇਡਾਂ ਵੀ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਨੇਤ੍ਰਿਤਵ ਦੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਪ੍ਰੀਤ ਸਿੰਘ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਕਾਦਮਿਕ ਮੁਖੀ ਡਾ. ਗੁਰਵੀਨ ਕੌਰ ਨੇ ਕਿਹਾ ਕਿ ਖੇਡਾਂ ਅਤੇ ਸਿੱਖਿਆ ਇੱਕ-ਦੂਜੇ ਦੇ ਪੂਰਕ ਹਨ। ਖੇਡ ਮੈਦਾਨ ਵਿਦਿਆਰਥੀਆਂ ਨੂੰ ਮਿਹਨਤ, ਸਮੇਂ ਦੀ ਪਾਬੰਦੀ, ਟੀਮ ਭਾਵਨਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਤ ਸਿੰਘ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਪਣੀ ਪ੍ਰਤਿਭਾ ਪਛਾਣ ਕੇ ਉਸ ਲਈ ਮਿਹਨਤ ਕਰਨ ਵਾਸਤੇ ਪ੍ਰੇਰਿਤ ਕਰੇਗੀ।