ਖੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਅਚਨਚੇਤ ਦੌਰਾ ਖੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਅਚਨਚੇਤ ਦੌਰਾ
Publish Date: Wed, 12 Aug 2026 06:16 PM (IST)
Updated Date: Wed, 12 Aug 2026 06:17 PM (IST)
ਕਪਿਲ ਜਸੂਜਾ.ਪੰਜਾਬੀ ਜਾਗਰਣ ਫਾਜ਼ਿਲਕਾ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ 11 ਅਤੇ 12 ਅਗਸਤ ਨੂੰ ਜ਼ਿਲ੍ਹਾ ਫਾਜ਼ਿਲਕਾ ਦਾ ਅਚਨਚੇਤ ਦੌਰਾ ਕਰਕੇ ਨੈਸ਼ਨਲ ਫੂਡ ਸਕਿਉਰਿਟੀ ਐਕਟ, 2013 ਤਹਿਤ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦੀ ਜਾਂਚ ਕੀਤੀ ਗਈ। ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰਾ, ਸਰਕਾਰੀ ਮਿਡਲ ਸਮਾਰਟ ਸਕੂਲ ਜੰਡਵਾਲਾ ਖਰਤਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਵਾਲਾ ਖਰਤਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੀਰਾਂਵਾਲੀ, ਸਰਕਾਰੀ ਹਾਈ ਸਕੂਲ ਹੀਰਾਂਵਾਲੀ ਸਮੇਤ ਰਾਮਪੁਰਾ, ਜੰਡਵਾਲਾ ਖਰਤਾ ਅਤੇ ਹੀਰਾਂਵਾਲੀ ਦੇ ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਨਿਰੀਖਣ ਕੀਤਾ ਗਿਆ। ਆਰਓ ਪਾਣੀ ਦਾ ਟੀਡੀਐੱਸ ਵੱਧ ਪਾਇਆ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰਾ ਵਿਖੇ ਜਾਂਚ ਦੌਰਾਨ ਆਰ.ਓ. ਦੇ ਪਾਣੀ ਦਾ ਟੀ.ਡੀ.ਐੱਸ. ਚੈੱਕ ਕੀਤਾ ਗਿਆ, ਜੋ 275 ਪਾਇਆ ਗਿਆ। ਮੈਂਬਰ ਵੱਲੋਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਕਿ ਆਰ.ਓ. ਦੀ ਗੁਣਵੱਤਾ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਈ ਜਾਵੇ, ਤਾਂ ਜੋ ਬੱਚਿਆਂ ਨੂੰ ਪੀਣ ਲਈ ਸਾਫ਼ ਅਤੇ ਯੋਗ ਪਾਣੀ ਮਿਲ ਸਕੇ। ਸਕੂਲਾਂ ਦੇ ਅਨਾਜ ’ਚ ਮਿਲੀ ਸੁਸਰੀ ਸਰਕਾਰੀ ਮਿਡਲ ਸਮਾਰਟ ਸਕੂਲ ਜੰਡਵਾਲਾ ਖਰਤਾ ਵਿਖੇ ਚੈਕਿੰਗ ਦੌਰਾਨ ਚਾਵਲਾਂ ਵਿੱਚ ਸੁਸਰੀ ਪਾਈ ਗਈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਵਾਲਾ ਖਰਤਾ ਵਿਖੇ ਕਣਕ ਅਤੇ ਚਾਵਲਾਂ ਵਿੱਚ ਵੀ ਸੁਸਰੀ ਮਿਲੀ। ਸਰਕਾਰੀ ਹਾਈ ਸਕੂਲ ਹੀਰਾਂਵਾਲੀ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਨੂੰ ਮਿਡ-ਡੇ-ਮੀਲ ਸਵੇਰੇ 11.15 ਵਜੇ ਹੀ ਖੁਆ ਦਿੱਤਾ ਗਿਆ ਸੀ, ਜਦਕਿ ਇਸ ਦਾ ਨਿਰਧਾਰਤ ਸਮਾਂ 11.40 ਵਜੇ ਹੈ। ਜਾਂਚ ਦੌਰਾਨ ਦੱਸਿਆ ਗਿਆ ਕਿ ਸਕੂਲ ਵਿੱਚ ਹਰ ਰੋਜ਼ 11.15 ਵਜੇ ਹੀ ਮਿਡ-ਡੇ-ਮੀਲ ਖੁਆਇਆ ਜਾਂਦਾ ਹੈ। ਆਂਗਣਵਾੜੀ ਸੈਂਟਰ ’ਚ ਵੀ ਰਾਸ਼ਨ ’ਚ ਮਿਲੀ ਸੁਸਰੀ ਆਂਗਣਵਾੜੀ ਸੈਂਟਰ ਰਾਮਪੁਰਾ ਵਿਖੇ ਰਾਸ਼ਨ ਦੀ ਜਾਂਚ ਦੌਰਾਨ ਪੂਰੇ ਰਾਸ਼ਨ ਵਿੱਚ ਸੁਸਰੀ ਪਾਈ ਗਈ। ਮੈਂਬਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਡੀ.ਪੀ.ਓ.) ਨੂੰ ਹਦਾਇਤ ਕੀਤੀ ਗਈ ਕਿ ਸਬੰਧਤ ਐਨ.ਜੀ.ਓ. ਨੂੰ ਪੁਰਾਣਾ ਰਾਸ਼ਨ ਵਾਪਸ ਕਰਵਾ ਕੇ ਨਵਾਂ ਰਾਸ਼ਨ ਮੰਗਵਾਇਆ ਜਾਵੇ। ਆਂਗਣਵਾੜੀ ਸੈਂਟਰ ਜੰਡਵਾਲਾ ਖਰਤਾ, ਕੋਡ ਨੰਬਰ 229 ਦੀ ਜਾਂਚ ਦੌਰਾਨ ਸੈਂਟਰ ਖੁੱਲ੍ਹਾ ਮਿਲਿਆ, ਪਰ ਆਂਗਣਵਾੜੀ ਵਰਕਰ ਅਤੇ ਹੈਲਪਰ ਗੈਰਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਮੈਂਬਰ ਵੱਲੋਂ ਹੀਰਾਂਵਾਲੀ ਦੇ ਆਂਗਣਵਾੜੀ ਸੈਂਟਰ ਕੋਡ ਨੰਬਰ 301-302 ਦਾ ਵੀ ਦੌਰਾ ਕੀਤਾ ਗਿਆ। ਰਾਸ਼ਨ ਡਿਪੂ ’ਤੇ ਕਣਕ ਦੀ ਵੰਡ ਜਲਦ ਸ਼ੁਰੂ ਕਰਨ ਦੀ ਹਦਾਇਤ ਮੈਂਬਰ ਵੱਲੋਂ ਹੀਰਾਂਵਾਲੀ ਦੇ ਰਾਸ਼ਨ ਡਿਪੂ ਪੀ.ਡੀ.ਐੱਸ. ਨੰਬਰ 0031, ਖਿਓਵਾਲੀ ਢਾਬ ਪੀ.ਡੀ.ਐੱਸ. ਨੰਬਰ 800020 ਅਤੇ ਲੱਖੇਵਾਲੀ ਢਾਬ ਪੀ.ਡੀ.ਐੱਸ. ਨੰਬਰ 13 ਦਾ ਵੀ ਨਿਰੀਖਣ ਕੀਤਾ ਗਿਆ। ਖਿਓਵਾਲੀ ਢਾਬ ਦੇ ਰਾਸ਼ਨ ਡਿਪੂ ’ਤੇ ਕਣਕ ਪਹੁੰਚ ਚੁੱਕੀ ਸੀ, ਪਰ ਉਸ ਦੀ ਵੰਡ ਸ਼ੁਰੂ ਨਹੀਂ ਕੀਤੀ ਗਈ ਸੀ। ਮੈਂਬਰ ਵੱਲੋਂ ਡਿਪੂ ਸੰਚਾਲਕ ਨੂੰ ਕਣਕ ਦੀ ਵੰਡ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ। ਲੱਖੇਵਾਲੀ ਢਾਬ ਦੇ ਪੀ.ਡੀ.ਐੱਸ. ਨੰਬਰ 13 ’ਤੇ 50 ਕਿਲੋ ਕਣਕ ਵਾਲੇ 488 ਗੱਟੇ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ ਕਣਕ 274 ਲਾਭਪਾਤਰੀ ਪਰਿਵਾਰਾਂ ਨੂੰ ਵੰਡੀ ਜਾ ਚੁੱਕੀ ਸੀ।