ਖਸਤਾ ਹਾਲਤ ਸੜਕ ਦੇ ਵਿਰੋਧ ’ਚ ਕਿਸਾਨਾਂ ਦਾ ਅਨੋਖਾ ਪ੍ਰਦਰਸ਼ਨ ਵੈਲਕਮ ਪੁਆਇੰਟ ਦੀ ਖਸਤਾ ਸੜਕ ਦੇ ਵਿਰੋਧ ’ਚ ਪੰਜਾਬ ਕਿਸਾਨ ਸਭਾ ਦਾ ਅਨੋਖਾ ਪ੍ਰਦਰਸ਼ਨ
Publish Date: Thu, 08 Oct 2026 04:36 PM (IST)
Updated Date: Fri, 09 Oct 2026 04:03 AM (IST)
ਹੈਪੀ ਕਾਠਪਾਲ. ਪੰਜਾਬੀ ਜਾਗਰਣ, ਜਲਾਲਾਬਾਦ : ਫਿਰੋਜ਼ਪੁਰ ਰੋਡ ਤੋਂ ਜਲਾਲਾਬਾਦ ਵਿੱਚ ਦਾਖਲ ਹੋਣ ਵਾਲੇ ਰਸਤੇ, ਜਿਸ ਨੂੰ ਵੈਲਕਮ ਪੁਆਇੰਟ ਕਿਹਾ ਜਾਂਦਾ ਹੈ, ਦੀ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿਰੋਧ ਵਿੱਚ ਪੰਜਾਬ ਕਿਸਾਨ ਸਭਾ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਸਭਾ ਦੇ ਆਗੂਆਂ ਨੇ ਮੌਜੂਦਾ ਵਿਧਾਇਕ ਦੀ ਤਸਵੀਰ ਵਾਲਾ ਫਲੈਕਸ ਤਿਆਰ ਕਰਵਾ ਕੇ ਉਸ ਨੂੰ ਖ਼ੱਚਰ-ਰੇਹੜੇ ’ਤੇ ਲਗਾਇਆ ਅਤੇ ਸ਼ਹਿਰ ਵਿੱਚ ਘੁਮਾਇਆ। ਫਲੈਕਸ ’ਤੇ ਲਿਖਿਆ ਗਿਆ ਸੀ, ‘‘ਮਾਫ ਕਰਨਾ ਸ਼ਹਿਰ ਵਾਸੀਓ, ਇਹ ਸੜਕ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਨਹੀਂ ਬਣਾਈ।” ਇਸ ਪ੍ਰਦਰਸ਼ਨ ਰਾਹੀਂ ਕਿਸਾਨ ਸਭਾ ਨੇ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ ਨੇ ਕਿਹਾ ਕਿ ਫਿਰੋਜ਼ਪੁਰ ਰੋਡ ਤੋਂ ਜਲਾਲਾਬਾਦ ਵਿੱਚ ਦਾਖਲ ਹੁੰਦੇ ਸਾਰ ਬੱਸ ਸਟੈਂਡ ਦੇ ਨਜ਼ਦੀਕ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਉਨ੍ਹਾਂ ਕਿਹਾ ਕਿ ਸੜਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਬਰਸਾਤ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਅਸ਼ੋਕ ਕੰਬੋਜ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਆਗੂਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਅਤੇ ਵੱਖ-ਵੱਖ ਪ੍ਰਦਰਸ਼ਨ ਵੀ ਕੀਤੇ ਗਏ, ਪਰ ਇਸ ਦੇ ਬਾਵਜੂਦ ਸੜਕ ਦਾ ਨਿਰਮਾਣ ਨਹੀਂ ਹੋਇਆ। ਇਸ ਕਾਰਨ ਪੰਜਾਬ ਕਿਸਾਨ ਸਭਾ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੜਕ ਦਾ ਨਿਰਮਾਣ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਕਿਸਾਨ ਸਭਾ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।