ਪੰਜਾਬ ਦਾ ਸਿੱਖਿਆ ਮਾਡਲ ਬੇਪਰਦ: ਰੁੱਖਾਂ ਹੇਠ ਬੈਠ ਕੇ ਮਿਡ-ਡੋਮ ਮੀਲ ਖਾਣ ਅਤੇ ਦੂਜੇ ਸਕੂਲ ਪੜ੍ਹਨ ਜਾਣ ਲਈ ਮਜਬੂਰ ਮਾਸੂਮ ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਰਜਰ ਇਮਾਰਤ ਦਾ ਮਾਮਲਾ ਛੇ ਮਹੀਨੇ ਬਾਅਦ ਵੀ ਹੱਲ ਨਹੀਂ ਹੋ ਸਕਿਆ। ‘ਪੰਜਾਬੀ ਜਾਗਰਣ’ ਵੱਲੋਂ 21 ਫਰਵਰੀ ਨੂੰ ਸਕੂਲ ਦੀ ਖਸਤਾ ਹਾਲਤ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ਵਿੱਚ ਆਇਆ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 22 ਫਰਵਰੀ ਨੂੰ ਸਕੂਲ ਦੀ ਨਵੀਂ ਇਮਾਰਤ ਬਣਾਉਣ ਦੇ ਹੁਕਮ ਦਿੰਦਿਆਂ ਛੇ ਮਹੀਨਿਆਂ ਅੰਦਰ ਇਸ ਨੂੰ ਤਿਆਰ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਹੁਣ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ।
Publish Date: Tue, 25 Aug 2026 10:13 AM (IST)
Updated Date: Tue, 25 Aug 2026 10:14 AM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ - ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਜਰਜਰ ਇਮਾਰਤ ਦਾ ਮਾਮਲਾ ਛੇ ਮਹੀਨੇ ਬਾਅਦ ਵੀ ਹੱਲ ਨਹੀਂ ਹੋ ਸਕਿਆ। ‘ਪੰਜਾਬੀ ਜਾਗਰਣ’ ਵੱਲੋਂ 21 ਫਰਵਰੀ ਨੂੰ ਸਕੂਲ ਦੀ ਖਸਤਾ ਹਾਲਤ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ਵਿੱਚ ਆਇਆ ਸੀ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 22 ਫਰਵਰੀ ਨੂੰ ਸਕੂਲ ਦੀ ਨਵੀਂ ਇਮਾਰਤ ਬਣਾਉਣ ਦੇ ਹੁਕਮ ਦਿੰਦਿਆਂ ਛੇ ਮਹੀਨਿਆਂ ਅੰਦਰ ਇਸ ਨੂੰ ਤਿਆਰ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਹੁਣ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ।
ਬਸਤੀ ਹਜ਼ੂਰ ਸਿੰਘ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1972 ਵਿੱਚ ਸਥਾਪਿਤ ਕੀਤਾ ਗਿਆ ਸੀ। ਸਕੂਲ ਵਿੱਚ ਪੰਜਵੀਂ ਜਮਾਤ ਤੱਕ ਪੜ੍ਹਾਈ ਹੁੰਦੀ ਹੈ। ਸਮੇਂ ਦੇ ਨਾਲ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਇਸ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀ ਲੋੜ ਮਹਿਸੂਸ ਕੀਤੀ ਗਈ। ‘ਪੰਜਾਬੀ ਜਾਗਰਣ’ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਕੂਲ ਦੇ ਤਿੰਨ ਕਮਰੇ ਢਾਹ ਢਾਹ ਦਿੱਤੇ ਗਏ ਸਨ ਪਰ ਨਵੀਂ ਇਮਾਰਤ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ।
ਸਕੂਲ ਵਿੱਚ ਇਸ ਸਮੇਂ ਕਰੀਬ 120 ਤੋਂ 150 ਬੱਚੇ ਪੜ੍ਹ ਰਹੇ ਹਨ। ਮੌਜੂਦਾ ਸਮੇੰ ਪ੍ਰਿੰਸੀਪਲ ਦੇ ਕਮਰੇ ਤੋੰ ਇਲਾਵਾ ਸਿਰਫ ਇਕ ਕਮਰਾ ਬਚਿਆ ਹੈ ਜਦਕਿ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਦੂਜੇ ਸਕੂਲ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਵੀ ਰੁੱਖਾਂ ਦੀ ਛਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੀਂ ਇਮਾਰਤ ਤਿਆਰ ਨਹੀਂ ਹੁੰਦੀ, ਉਦੋਂ ਤੱਕ ਬੱਚਿਆਂ ਲਈ ਬੈਠਣ, ਪੜ੍ਹਨ ਅਤੇ ਖਾਣਾ ਖਾਣ ਦੀਆਂ ਆਰਜ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਨਗਰ ਕੌਂਸਲ ਫਾਜ਼ਿਲਕਾ ਦੇ ਕੌਸਲਰ ਸੁਰਿੰਦਰ ਘੋਗਾ, ਅੰਕੁਸ਼ ਫੂਟੇਲਾ, ਰਮੇਸ਼ ਗੁੰਭਰ, ਅੰਮ੍ਰਿਤ ਪਾਲ ਅਤੇ ਸ਼ੰਟੀ ਨਾਗਪਾਲ ਨੇ ਸਕੂਲ ਦੀ ਮਾੜੀ ਹਾਲਤ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਅਤੇ ਆਧੁਨਿਕ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬਸਤੀ ਹਜ਼ੂਰ ਸਿੰਘ ਦਾ ਸਕੂਲ ਅਜੇ ਵੀ ਬੁਨਿਆਦੀ ਇਮਾਰਤੀ ਸਹੂਲਤਾਂ ਦੀ ਉਡੀਕ ਕਰ ਰਿਹਾ ਹੈ। ਆਗੂਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਨਵੀਂ ਇਮਾਰਤ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਗ੍ਰਾਂਟ ਜਾਰੀ ਕਰਨ ਅਤੇ ਨਿਰਮਾਣ ਪ੍ਰਕਿਰਿਆ ਵਿੱਚ ਹੋਈ ਦੇਰੀ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।
‘ਨਿਰਮਾਣ ਕਾਰਜ ਜਲਦ ਸ਼ੁਰੂ ਹੋਵੇਗਾ’ ਡੀਈਓ ਪ੍ਰਾਇਮਰੀ ਸਤੀਸ਼ ਕੁਮਾਰ ਨੇ ਕਿਹਾ ਕਿ ਸਕੂਲ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਿਰਮਾਣ ਕਾਰਜ ਨੂੰ ਜਲਦ ਅਮਲ ਵਿੱਚ ਲਿਆਂਦਾ ਜਾਵੇਗਾ।
ਮੰਤਰੀ ਦਾ ਪੱਖ ਨਹੀਂ ਮਿਲ ਸਕਿਆ ਨਿਰਮਾਣ ਕਾਰਜ ਵਿੱਚ ਹੋ ਰਹੀ ਦੇਰੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।