ਅਬੋਹਰ ਵਿੱਚ ਪੰਜਾਬ ਬੰਦ ਦਾ ਵਿਆਪਕ ਅਸਰ, ਬਾਜ਼ਾਰ ਤੇ ਨਿੱਜੀ ਸਕੂਲ ਰਹੇ ਬੰਦ ਅਬੋਹਰ ਵਿੱਚ ਪੰਜਾਬ ਬੰਦ ਦਾ ਵਿਆਪਕ ਅਸਰ, ਬਾਜ਼ਾਰ ਤੇ ਨਿੱਜੀ ਸਕੂਲ ਰਹੇ ਬੰਦ
Publish Date: Fri, 21 Aug 2026 06:09 PM (IST)
Updated Date: Fri, 21 Aug 2026 06:12 PM (IST)
ਭਾਰਤ ਭੂਸ਼ਨ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਬੋਹਰ ਸ਼ਹਿਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬੰਦੀ ਸਿੰਘਾਂ ਦੀ ਰਿਹਾਈ, ਜਗਜੀਤ ਸਿੰਘ ਹਵਾਰਾ ਨੂੰ ਪੈਰੋਲ ਦੇਣ ਅਤੇ 15 ਅਗਸਤ ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ ’ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਹੋਈ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਦਿੱਤੇ ਬੰਦ ਦੇ ਸੱਦੇ ਤਹਿਤ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ, ਜਦਕਿ ਬੱਸਾਂ ਦੀ ਆਵਾਜਾਈ ਵੀ ਠੱਪ ਰਹੀ। ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਵੱਲੋਂ ਅਬੋਹਰ ਦੇ ਬਾਜ਼ਾਰ ਨੰਬਰ-12 ਸਥਿਤ ਮੇਨ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਪਣੀਆਂ ਮੰਗਾਂ ਅਤੇ ਪੁਲਿਸ ਕਾਰਵਾਈ ਪ੍ਰਤੀ ਰੋਸ ਜ਼ਾਹਰ ਕੀਤਾ। ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਸਵੇਰੇ ਕਰੀਬ 7 ਵਜੇ ਤੋਂ ਹੀ ਬੰਦ ਰਹੇ। ਬੱਸਾਂ ਦੀ ਆਵਾਜਾਈ ਰਹੀ ਠੱਪ ਬੰਦ ਦੌਰਾਨ ਅਬੋਹਰ ਵਿੱਚ ਬੱਸਾਂ ਦੀ ਆਵਾਜਾਈ ਲਗਭਗ ਪੂਰੀ ਤਰ੍ਹਾਂ ਠੱਪ ਰਹੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਯਾਤਰੀ ਆਪਣੇ ਜ਼ਰੂਰੀ ਕੰਮਾਂ ਲਈ ਬੱਸ ਅੱਡੇ ’ਤੇ ਪਹੁੰਚੇ ਪਰ ਬੱਸਾਂ ਨਾ ਚੱਲਣ ਕਾਰਨ ਉਨ੍ਹਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ। ਸਵੇਰੇ ਕੁਝ ਸਰਕਾਰੀ ਬੱਸਾਂ ਚਲੀਆਂ, ਪਰ ਸ਼ਹਿਰ ਤੋਂ ਬਾਹਰ ਆਵਾਜਾਈ ਬੰਦ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵੀ ਰੋਕ ਦਿੱਤਾ ਗਿਆ। ਅਬੋਹਰ ਤੋਂ ਸ੍ਰੀਗੰਗਾਨਗਰ ਜਾਣ ਵਾਲੀ ਇੱਕ ਸਰਕਾਰੀ ਬੱਸ ਵਿੱਚ ਯਾਤਰੀਆਂ ਨੂੰ ਬਿਠਾ ਕੇ ਟਿਕਟਾਂ ਕੱਟ ਦਿੱਤੀਆਂ ਗਈਆਂ ਸਨ, ਪਰ ਬਾਅਦ ਵਿੱਚ ਬੱਸ ਨੂੰ ਬੱਸ ਅੱਡੇ ਵਿੱਚ ਹੀ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰਨੇ ਪਏ, ਜਿਸ ਕਾਰਨ ਯਾਤਰੀਆਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ। ਰੇਲ ਆਵਾਜਾਈ ਰਹੀ ਆਮ ਪੰਜਾਬ ਬੰਦ ਦੇ ਬਾਵਜੂਦ ਰੇਲ ਆਵਾਜਾਈ ਆਮ ਰਹੀ। ਰੇਲਗੱਡੀਆਂ ਆਪਣੇ ਨਿਰਧਾਰਤ ਸਮੇਂ ਅਨੁਸਾਰ ਚੱਲਦੀਆਂ ਰਹੀਆਂ। ਇਸ ਦੇ ਨਾਲ ਹੀ ਜ਼ਿਆਦਾਤਰ ਬਾਈਪਾਸ ਮਾਰਗਾਂ ’ਤੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ ਅਤੇ ਉਥੋਂ ਲੰਘਣ ਵਾਲੇ ਵਾਹਨਾਂ ਨੂੰ ਨਹੀਂ ਰੋਕਿਆ ਗਿਆ। ਬੰਦ ਦੌਰਾਨ ਮੈਡੀਕਲ ਸੇਵਾਵਾਂ ਅਤੇ ਹਸਪਤਾਲਾਂ ਵਰਗੀਆਂ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ। ਦੁਪਹਿਰ ਤੱਕ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ, ਜਦਕਿ ਸਾਰੇ ਨਿੱਜੀ ਸਕੂਲਾਂ ਵਿੱਚ ਵੀ ਛੁੱਟੀ ਰਹੀ।