ਚੰਦਰਭਾਨ ਸੇਮ ਨਾਲੇ ’ਤੇ ਡਾਫ ਲਾਉਣ ਦੇ ਵਿਰੋਧ ’ਚ ਕਿਸਾਨਾਂ ਵੱਲੋਂ ਧਰਨਾ - ਵਿਧਾਇਕ ਸਵਨਾ ਦੇ
Publish Date: Sun, 22 Nov 2026 05:01 PM (IST)
Updated Date: Mon, 23 Nov 2026 04:04 AM (IST)
- ਵਿਧਾਇਕ ਸਵਨਾ ਦੇ ਭਰੋਸੇ ਮਗਰੋਂ 5 ਘੰਟੇ ਬਾਅਦ ਚੁੱਕਿਆ, ਕਿਸਾਨਾਂ ਦਾ ਦੋਸ਼, ਡਾਫ ਲੱਗਣ ਨਾਲ ਕਈ ਪਿੰਡਾਂ ਦੇ ਖੇਤਾਂ ਨੂੰ ਪਾਣੀ ਮਿਲਣ ’ਚ ਆਵੇਗੀ ਮੁਸ਼ਕਲ ਜ਼ਿਲ੍ਹੇ ਸਿੰਘ. ਪੰਜਾਬੀ ਜਾਗਰਣ, ਮੰਡੀ ਲਾਧੂਕਾ : ਚੰਦਰਭਾਨ ਸੇਮ ਨਾਲੇ ਤੇ ਪ੍ਰਸ਼ਾਸਨ ਵੱਲੋਂ ਡਾਫ ਲਗਾਉਣ ਦੇ ਕੰਮ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵੱਲੋਂ ਮੰਡੀ ਲਾਧੂਕਾ ਦੇ ਬੱਸ ਸਟੈਂਡ ਨੇੜੇ ਮੁੱਖ ਸੜਕ ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ। ਧਰਨੇ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਨੇ ਕੀਤੀ। ਇਸ ਦੌਰਾਨ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ। ਸਵੇਰੇ 10 ਵਜੇ ਸ਼ੁਰੂ ਹੋਇਆ ਧਰਨਾ ਦੁਪਹਿਰ 3 ਵਜੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਤਰਪ੍ਰੀਤ ਸਿੰਘ ਨੇ ਦੱਸਿਆ ਕਿ ਚੰਦਰਭਾਨ ਸੇਮ ਨਾਲੇ ਤੇ ਪ੍ਰਸ਼ਾਸਨ ਵੱਲੋਂ ਪਾਣੀ ਰੋਕਣ ਲਈ ਡਾਫ ਲਗਾਉਣ ਦੇ ਫੈਸਲੇ ਦਾ ਕਿਸਾਨ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੇਮ ਨਾਲੇ ਤੋਂ ਕਈ ਪਿੰਡਾਂ ਦੇ ਕਿਸਾਨ ਆਪਣੇ ਖੇਤਾਂ ਦੀ ਸਿੰਚਾਈ ਲਈ ਪਾਣੀ ਲੈਂਦੇ ਹਨ। ਜੇਕਰ ਨਾਲੇ ਤੇ ਡਾਫ ਲਗਾ ਦਿੱਤੀ ਗਈ ਤਾਂ ਕਈ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਵੱਲੋਂ ਪਹਿਲਾਂ ਵੀ ਇਸ ਮਾਮਲੇ ਸਬੰਧੀ ਪ੍ਰਸ਼ਾਸਨ ਅਤੇ ਜਲਾਲਾਬਾਦ ਦੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਡਾਫ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਵਧ ਗਿਆ ਅਤੇ ਉਨ੍ਹਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਕਿਸਾਨ ਆਗੂਆਂ ਵੱਲੋਂ ਧਰਨੇ ਦੌਰਾਨ ਜਲਾਲਾਬਾਦ ਦੇ ਵਿਧਾਇਕ ਨੂੰ ਮੌਕੇ ਤੇ ਪਹੁੰਚ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸ ਦੌਰਾਨ ਡੀਐਸਪੀ ਬੀਐਸ ਰੰਧਾਵਾ ਨੇ ਕਿਸਾਨਾਂ ਦੀ ਸਮੱਸਿਆ ਸਬੰਧੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨਾਲ ਗੱਲਬਾਤ ਕੀਤੀ। ਵਿਧਾਇਕ ਸਵਨਾ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਚੰਦਰਭਾਨ ਸੇਮ ਨਾਲੇ ਦੇ ਚੀਫ ਤੇ ਜਲਾਲਾਬਾਦ ਦੇ ਵਿਧਾਇਕ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਡਾਫ ਲਗਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਅੱਗੇ ਵੀ ਨਾਲੇ ਤੇ ਕੋਈ ਡਾਫ ਨਹੀਂ ਲਗਾਈ ਜਾਵੇਗੀ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਕਿਸਾਨਾਂ ਨਾਲ ਸਬੰਧਤ ਕਿਸੇ ਵੀ ਮਸਲੇ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾਵੇਗਾ ਅਤੇ ਉਸ ਦਾ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ। ਵਿਧਾਇਕ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਡਾਫ ਨਾ ਲਗਾਉਣ ਦੇ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੀਪ ਬਰਾੜ, ਰਮੇਸ਼ ਕੁਮਾਰ, ਸੁੱਖਵਿੰਦਰ ਸੰਧੂ, ਦਵਿੰਦਰ ਬਰਾੜ, ਸਤਪਾਲ ਗੰਧੜ, ਖੁਸ਼ਵਿੰਦਰ ਬਰਾੜ, ਗੁਰਜਿੰਦਰ ਸਿੰਘ ਗਿੱਲ, ਹਰਜੀਤ ਸਿੰਘ, ਪਰਮਪਾਲ ਗਿੱਲ, ਪ੍ਰਭ ਦਿਆਲ ਕੰਬੋਜ, ਅਰਸ਼ਦੀਪ ਕੁਮਾਰ, ਸੁਖਦੇਵ ਕੁਮਾਰ, ਨਰੇਸ਼ ਕੁਮਾਰ, ਅਮਨ ਕੁਮਾਰ, ਹਰਜਿੰਦਰ ਕੁਮਾਰ, ਜਸਵੀਰ ਸਿੰਘ, ਰਾਮ ਕ੍ਰਿਸ਼ਨ ਅਤੇ ਕੁਲਵੀਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ ਡੀਐਸਪੀ ਬੀਐਸ ਰੰਧਾਵਾ, ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਨਹਿਰੀ ਵਿਭਾਗ ਦੇ ਐਸਡੀਓ ਨਵਦੀਪ ਸਿੰਘ ਵੀ ਮੌਜੂਦ ਸਨ।