ਫਾਜ਼ਿਲਕਾ ਨਗਰ ਕੌਂਸਲ ਵੱਲੋਂ ਸਰਬਸੰਮਤੀ ਨਾਲ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ ਫਾਜ਼ਿਲਕਾ ਨਗਰ ਕੌਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ
Publish Date: Tue, 10 Nov 2026 06:53 PM (IST)
Updated Date: Tue, 10 Nov 2026 06:54 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਨਗਰ ਕੌਂਸਲ ਫਾਜ਼ਿਲਕਾ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਭਾਜਪਾ ਬੋਰਡ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪ੍ਰਵਾਨਗੀ ਲਈ 44 ਮਤੇ ਰੱਖੇ ਗਏ, ਜਿਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਈਓ ਵਿਕਰਮ ਧੂੜੀਆ, ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ੋਕ ਜੈਰਥ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਪੈਚਵਰਕ ਤੋਂ ਬਾਅਦ ਹੁਣ ਵਾਰਡਾਂ ਦੇ ਅੰਦਰੂਨੀ ਇਲਾਕਿਆਂ ਦੀਆਂ ਸੜਕਾਂ ਦੀ ਮੁਰੰਮਤ ਲਈ 10 ਲੱਖ ਰੁਪਏ ਅਤੇ ਸਾਰੇ ਵਾਰਡਾਂ ਵਿੱਚ ਛੋਟੇ-ਮੋਟੇ ਮੁਰੰਮਤ ਕਾਰਜਾਂ ਲਈ 24 ਲੱਖ ਰੁਪਏ ਸਮੇਤ ਲਗਭਗ 50 ਲੱਖ ਰੁਪਏ ਦੇ ਵਿਕਾਸ ਕਾਰਜਾਂ ਸਬੰਧੀ ਮਤੇ ਪਾਸ ਕੀਤੇ ਗਏ। ਮੀਟਿੰਗ ਦਾ ਸਭ ਤੋਂ ਅਹਿਮ ਮੁੱਦਾ ਨਗਰ ਕੌਂਸਲ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਚੈਂਬਰਾਂ ਦੀ ਉਸਾਰੀ ਲਈ ਲੀਜ਼ ’ਤੇ ਦਿੱਤੀ ਗਈ ਜ਼ਮੀਨ ਦੀ ਬਕਾਇਆ ਰਾਸ਼ੀ ਦਾ ਰਿਹਾ। ਇਸ ਮਾਮਲੇ ਵਿੱਚ ਕਰੀਬ ਦੋ ਕਰੋੜ ਰੁਪਏ ਦੀ ਲੈਣਦਾਰੀ ਦਾ ਮਸਲਾ ਸੁਲਝਾਉਣ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਬੈਠਕ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਨਗਰ ਕੌਂਸਲ ਵੱਲੋਂ ਇਸ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਣੀਆਂ ਰੋਡ ਸਥਿਤ 13 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਾਂਭ-ਸੰਭਾਲ ਲਈ 59.92 ਲੱਖ ਰੁਪਏ ਦਾ ਮਤਾ ਰੱਖਿਆ ਗਿਆ। ਵਾਟਰ ਸਪਲਾਈ ਦੇ 12 ਟਿਊਬਵੈੱਲਾਂ ਲਈ ਬਲੀਚਿੰਗ ਪਾਊਡਰ ਅਤੇ ਫਿਟਕਰੀ ਦੀ ਖਰੀਦ ਵਾਸਤੇ 15.20 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਇਸੇ ਤਰ੍ਹਾਂ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੇ ਹੈਵੀ ਮੈਟਲ ਟੈਸਟ ਕਰਵਾਉਣ ਲਈ 10 ਲੱਖ ਰੁਪਏ ਅਤੇ ਪੁਰਾਣੀਆਂ ਹੋ ਚੁੱਕੀਆਂ ਟਿਊਬਵੈੱਲਾਂ ਦੀਆਂ ਮੋਟਰਾਂ ਬਦਲਣ ਲਈ ਸਾਢੇ ਤਿੰਨ ਲੱਖ ਰੁਪਏ ਦੇ ਮਤੇ ਸਮੇਤ ਮੁਲਾਜ਼ਮਾਂ ਨਾਲ ਸਬੰਧਤ ਹੋਰ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਭਾਜਪਾ ਕੌਂਸਲਰ ਭੋਲੀ ਰਾਣੀ ਮੋਂਗਾ, ਰਮੇਸ਼ ਕਟਾਰੀਆ, ਅੰਕੁਸ਼ ਫੁਟੇਲਾ, ਨਿਰਮਲ ਜਸੂਜਾ, ਅਨੀਤਾ ਸਚਦੇਵਾ, ਟੋਨੀ ਨਰੂਲਾ, ਕਾਂਗਰਸੀ ਕੌਂਸਲਰ ਭਜਨ ਲਾਲ, ਰੌਮੀ ਫੁਟੇਲਾ, ਰਾਧੇਸ਼ਿਆਮ, ਅਸ਼ਵਨੀ ਕੁਮਾਰ, ਮੀਤ ਪ੍ਰਧਾਨ ਰਾਣੀ ਦੇਵੀ, ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਮੈਣੀ, ਸੋਮਾ ਰਾਣੀ, ਰੂਪਾ ਰਾਣੀ, ਪਿੰਦਰ ਸਿੰਘ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।