- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਦੀ ਵਰਕਸ਼ਾਪ ਵਿੱਚ ਜ਼ੋਰਦਾਰ ਧਮਾਕਾ, ਕੰਮ ਕਰਦੇ ਮਕੈਨਿਕ ਦਾ ਹੱਥ ਬੁਰੀ ਤਰ੍ਹਾਂ ਜ਼ਖ਼ਮੀ

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ
ਫਾਜ਼ਿਲਕਾ : ਮਲੋਟ ਚੌਕ ’ਚ ਸਦਰ ਥਾਣੇ ਦੇ ਨੇੜੇ ਇੱਕ ਵਰਕਸ਼ਾਪ ’ਚ ਕੰਮ ਕਰਦੇ ਸਮੇਂ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਹਾਦਸੇ ਵਿੱਚ ਵਰਕਸ਼ਾਪ ਸੰਚਾਲਕ ਸਤਨਾਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇੱਕ ਹੱਥ ਦਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸਤਨਾਮ ਸਿੰਘ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਸਦਰ ਥਾਣੇ ਦੇ ਨੇੜੇ ਵਰਕਸ਼ਾਪ ਚਲਾਉਂਦਾ ਹੈ। ਕੁਝ ਲੋਕ ਉਸ ਨੂੰ ਕੰਮ ਲਈ ਲੋਹੇ ਦਾ ਸਾਮਾਨ ਦੇ ਕੇ ਗਏ ਸਨ। ਸਤਨਾਮ ਸਿੰਘ ਉਸ ਸਾਮਾਨ ਵਿੱਚ ਸੁਰਾਖ ਕਰ ਰਿਹਾ ਸੀ ਕਿ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਹਾਦਸੇ ਵਿੱਚ ਉਸ ਦਾ ਇੱਕ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮੌਕੇ ’ਤੇ ਮੌਜੂਦ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਸਤਨਾਮ ਸਿੰਘ ਦੀ ਦੁਕਾਨ ਦੇ ਸਾਹਮਣੇ ਟੈਕਸੀ ਸਟੈਂਡ ’ਤੇ ਮੌਜੂਦ ਸੀ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਸਮੇਂ ਬਾਅਦ ਸਤਨਾਮ ਸਿੰਘ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦਾ ਇੱਕ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਸੀ। ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉੱਥੋਂ ਉਸ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ। ਫਿਲਹਾਲ ਵਰਕਸ਼ਾਪ ਵਿੱਚ ਧਮਾਕਾ ਕਿਸ ਕਾਰਨ ਹੋਇਆ ਅਤੇ ਜਿਸ ਵਸਤੂ ਵਿੱਚ ਸੁਰਾਖ ਕੀਤਾ ਜਾ ਰਿਹਾ ਸੀ, ਉਸ ਵਿੱਚ ਕੀ ਮੌਜੂਦ ਸੀ, ਇਸ ਬਾਰੇ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਜਾ ਰਹੀ ਹੈ।