ਰੁਕੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਆਊਟਸੋਰਸ ਵਰਕਰਾਂ ਦੀ ਹੜਤਾਲ ਸ਼ੁਰੂ ਰੁਕੀਆਂ ਤਨਖਾਹਾਂ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਆਊਟਸੋਰਸ ਵਰਕਰਾਂ ਦੀ ਹੜਤਾਲ ਸ਼ੁਰੂ
Publish Date: Tue, 28 Jul 2026 05:53 PM (IST)
Updated Date: Tue, 28 Jul 2026 05:55 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੰਡਲ ਫਾਜ਼ਿਲਕਾ ਅਧੀਨ ਕੰਮ ਕਰ ਰਹੇ ਆਊਟਸੋਰਸ ਵਰਕਰਾਂ ਨੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ ਮੁਕੰਮਲ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸਬ-ਕਮੇਟੀ ਦਫ਼ਤਰੀ ਸਟਾਫ ਵੱਲੋਂ ਪੰਜਾਬ ਸਰਕਾਰ ਅਤੇ ਵਿਭਾਗੀ ਪ੍ਰਬੰਧਨ ਖ਼ਿਲਾਫ਼ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਗੁੰਮਾਨੀਵਾਲਾ ਪਾਣੀ ਵਾਲੀ ਟੈਂਕੀ ਸਥਿਤ ਸਬ-ਡਵੀਜ਼ਨ ਦਫ਼ਤਰ ਜਲਾਲਾਬਾਦ ਵਿਖੇ ਸੂਬਾਈ ਆਗੂ ਸੁਖਚੈਨ ਸਿੰਘ ਸੋਢੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸੁਖਚੈਨ ਸਿੰਘ ਸੋਢੀ ਨੇ ਦੱਸਿਆ ਕਿ 20 ਜੁਲਾਈ ਨੂੰ ਆਊਟਸੋਰਸ ਵਰਕਰਾਂ ਨੇ ਇੱਕ ਰੋਜ਼ਾ ਹੜਤਾਲ ਕਰਕੇ ਆਪਣੀਆਂ ਰੁਕੀਆਂ ਤਨਖਾਹਾਂ ਜਾਰੀ ਕਰਨ ਲਈ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ ਨੂੰ ਮੰਗ ਪੱਤਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀਆਂ ਦੀ ਤਨਖਾਹ ਜਾਰੀ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ 28 ਜੁਲਾਈ ਤੋਂ 3 ਅਗਸਤ ਤੱਕ ਦਫ਼ਤਰੀ ਸਟਾਫ ਵਿੱਚ ਤਾਇਨਾਤ ਆਊਟਸੋਰਸ ਵਰਕਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਸਿਰਫ਼ ਪਾਣੀ ਛੱਡਣ ਦਾ ਕੰਮ ਕਰਨਗੇ, ਜਦਕਿ ਇਸ ਤੋਂ ਇਲਾਵਾ ਹੋਰ ਕੋਈ ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਹਰ ਮਹੀਨੇ ਦੀ 7 ਤਾਰੀਖ ਤੋਂ ਪਹਿਲਾਂ ਤਨਖਾਹ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪੰਜਾਬ ਰਾਜ ਆਊਟਸੋਰਸ ਪਰਸੋਨਲ ਬਿੱਲ-2026 ਅਤੇ ਪੰਜਾਬ ਕੰਟਰੈਕਚੁਅਲ ਪਰਸੋਨਲ ਬਿੱਲ-2026 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਅਤੇ ਆਊਟਸੋਰਸ ਤੇ ਇਨਲਿਸਟਮੈਂਟ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗੀ ਪ੍ਰਬੰਧਨ ਦੀ ਹੋਵੇਗੀ।ਇਸ ਮੌਕੇ ਰਮਨ ਹਾਂਡਾ, ਸੂਰਜ ਹਾਂਡਾ, ਗੌਰਵ ਕਲਸੀ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਸ਼ੇਖਰ ਕੁਮਾਰ, ਸੰਜੂ ਯਾਦਵ ਸਮੇਤ ਵੱਡੀ ਗਿਣਤੀ ਵਿੱਚ ਆਊਟਸੋਰਸ ਵਰਕਰ ਹਾਜ਼ਰ ਸਨ।