ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹੀ ਮਨੁੱਖ ਆਪਣਾ ਜੀਵਨ ਸਫਲ ਬਣਾ ਸਕਦਾ ਹੈ : ਸਵਾਮੀ ਵਿਸ਼ਨੂੰਦੇਵਾਨੰਦ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹੀ ਮਨੁੱਖ ਆਪਣਾ ਜੀਵਨ ਸਫਲ ਬਣਾ ਸਕਦਾ ਹੈ : ਸਵਾਮੀ ਵਿਸ਼ਨੂੰਦੇਵਾਨੰਦ
Publish Date: Mon, 20 Jul 2026 03:52 PM (IST)
Updated Date: Mon, 20 Jul 2026 03:55 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿਖੇ ਗੁਰਬਾਣੀ ਕੀਰਤਨ ਅਤੇ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਵਾਮੀ ਵਿਸ਼ਨੂੰਦੇਵਾਨੰਦ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਮਨੁੱਖਤਾ ਨੂੰ ਸੱਚ, ਸੇਵਾ, ਸਿਮਰਨ, ਦਇਆ ਅਤੇ ਪਰਮਾਤਮਾ ਨਾਲ ਜੁੜਨ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੀ ਸਫਲਤਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਵਿੱਚ ਹੀ ਹੈ। ਜਦੋਂ ਮਨੁੱਖ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਮਲ ਕਰਦਾ ਹੈ ਤਾਂ ਉਸ ਦਾ ਜੀਵਨ ਸੁਖਮਈ, ਸ਼ਾਂਤਮਈ ਅਤੇ ਉਦੇਸ਼ਪੂਰਨ ਬਣ ਜਾਂਦਾ ਹੈ। ਸਵਾਮੀ ਵਿਸ਼ਨੂੰਦੇਵਾਨੰਦ ਜੀ ਨੇ ਕਿਹਾ ਕਿ ਗੁਰਬਾਣੀ ਦਾ ਅਸਲ ਸੰਦੇਸ਼ ਕੇਵਲ ਪਾਠ ਜਾਂ ਸ਼੍ਰਵਣ ਤੱਕ ਸੀਮਤ ਨਹੀਂ, ਸਗੋਂ ਇਸ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ। ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਤਮ-ਗਿਆਨ ਪ੍ਰਾਪਤ ਕਰਨਾ ਅਤੇ ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਸਿੱਧਾ ਅਨੁਭਵ ਕਰਨਾ ਹੀ ਮਨੁੱਖ ਜੀਵਨ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਆਤਮ-ਗਿਆਨ ਹਾਸਲ ਕਰਦਾ ਹੈ ਤਾਂ ਉਸ ਦੇ ਅੰਦਰੋਂ ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਉਸ ਦਾ ਜੀਵਨ ਪ੍ਰੇਮ, ਸ਼ਾਂਤੀ, ਸਹਿਣਸ਼ੀਲਤਾ ਅਤੇ ਆਨੰਦ ਨਾਲ ਭਰ ਜਾਂਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਸੇਵਾ, ਸਿਮਰਨ ਅਤੇ ਨੇਕ ਕਰਮਾਂ ਨੂੰ ਅਪਣਾਉਣ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਧ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਆਧਿਆਤਮਿਕ ਜਾਗਰੂਕਤਾ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਸਵਾਮੀ ਹਰੀਸ਼ੰਕਰ ਜੀ ਨੇ ਗੁਰਬਾਣੀ ਦੇ ਮਨਮੋਹਕ ਸ਼ਬਦਾਂ ਦਾ ਭਾਵਪੂਰਣ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਪੂਰਾ ਆਸ਼ਰਮ ਗੁਰਬਾਣੀ ਦੇ ਰਸ ਵਿੱਚ ਰੰਗਿਆ ਨਜ਼ਰ ਆਇਆ ਅਤੇ ਸੰਗਤ ਨੇ ਸ਼ਰਧਾ ਸਹਿਤ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅੰਤ ਵਿੱਚ ਸੰਸਥਾਨ ਵੱਲੋਂ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਸਾਰਿਆਂ ਨੂੰ ਨਿਯਮਿਤ ਤੌਰ ਤੇ ਸਤਿਸੰਗ, ਸਿਮਰਨ ਅਤੇ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਆਧਿਆਤਮਿਕਤਾ ਦੇ ਰਾਹ ਤੇ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।