ਰੇਡੀਐਂਟ ਪਬਲਿਕ ਸਕੂਲ ਵੱਲੋਂ ਫਨਸਿਟੀ ’ਚ ਇਕ ਰੋਜ਼ਾ ਪਿਕਨਿਕ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਰੇਡੀਐਂਟ ਪਬਲਿਕ ਸਕੂਲ ਵੱਲੋਂ ਫਨਸਿਟੀ ਮਲੋਟ ਵਿਖੇ ਇੱਕ ਰੋਜ਼ਾ ਪਿਕਨਿਕ
Publish Date: Thu, 08 Oct 2026 04:05 PM (IST)
Updated Date: Fri, 09 Oct 2026 04:03 AM (IST)
ਨਵਜੋਤ ਸਿੰਘ, ਪੰਜਾਬੀ ਜਾਗਰਣ, ਮੰਡੀ ਅਰਨੀਵਾਲਾ : ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੇ ਪ੍ਰੀ-ਪ੍ਰਾਈਮਰੀ ਵਿੰਗ ਵੱਲੋਂ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਲਈ ਫਨਸਿਟੀ, ਮਲੋਟ ਵਿਖੇ ਇਕ ਰੋਜ਼ਾ ਮਨੋਰੰਜਕ ਤੇ ਗਿਆਨਵਰਧਕ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਹ ਪਿਕਨਿਕ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਕੋਆਰਡੀਨੇਟਰ ਮਨਪ੍ਰੀਤ ਕੌਰ ਖੇੜਾ ਦੀ ਅਗਵਾਈ ਹੇਠ ਕਰਵਾਈ ਗਈ। ਪਿਕਨਿਕ ਦੌਰਾਨ ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਝੂਲਿਆਂ, ਖੇਡਾਂ ਅਤੇ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਅਧਿਆਪਕਾਂ ਤੇ ਸਹਿਪਾਠੀਆਂ ਨਾਲ ਖੂਬ ਆਨੰਦ ਮਾਣਿਆ। ਨੰਨ੍ਹੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਬੱਚਿਆਂ ਨੇ ਆਪਸੀ ਸਾਂਝ, ਮਿਲਵਰਤਣ ਅਤੇ ਟੀਮ ਭਾਵਨਾ ਦਾ ਵੀ ਪ੍ਰਦਰਸ਼ਨ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਕਿ ਕਲਾਸਰੂਮ ਦੀ ਪੜ੍ਹਾਈ ਦੇ ਨਾਲ-ਨਾਲ ਅਜਿਹੇ ਟੂਰ ਅਤੇ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹਨ। ਅਜਿਹੇ ਮੌਕਿਆਂ ਰਾਹੀਂ ਵਿਦਿਆਰਥੀਆਂ ਨੂੰ ਨਵੇਂ ਤਜ਼ਰਬੇ ਹਾਸਲ ਕਰਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਅਤੇ ਸਮਾਜਿਕ ਹੁਨਰ ਵਿਕਸਿਤ ਕਰਨ ਦਾ ਮੌਕਾ ਮਿਲਦਾ ਹੈ। ਪੂਰੀ ਪਿਕਨਿਕ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਦੀ ਸੁਰੱਖਿਆ ਅਤੇ ਦੇਖ-ਰੇਖ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਇਸ ਮੌਕੇ ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਪੰਕਜ ਧਮੀਜਾ ਨੇ ਕਿਹਾ ਕਿ ਸਿੱਖਿਆ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਵਿਦਿਅਕ ਅਤੇ ਮਨੋਰੰਜਕ ਟੂਰ ਬੱਚਿਆਂ ਨੂੰ ਖੁਸ਼ੀ ਦੇਣ ਦੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਿੰਸੀਪਲ ਨੀਤੀ ਸਿੰਘ ਨੇ ਕਿਹਾ ਕਿ ਪ੍ਰੀ-ਪ੍ਰਾਈਮਰੀ ਪੱਧਰ ’ਤੇ ਖੇਡ ਅਤੇ ਮਨੋਰੰਜਨ ਰਾਹੀਂ ਸਿੱਖਣਾ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਅਜਿਹੇ ਟੂਰ ਬੱਚਿਆਂ ਨੂੰ ਨਵੀਆਂ ਥਾਵਾਂ ਦੇਖਣ, ਨਵੇਂ ਤਜ਼ਰਬੇ ਹਾਸਲ ਕਰਨ ਅਤੇ ਦੋਸਤਾਂ ਨਾਲ ਮਿਲਜੁਲ ਕੇ ਰਹਿਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਪਿਕਨਿਕ ਨੂੰ ਸਫਲ ਬਣਾਉਣ ਲਈ ਕੋਆਰਡੀਨੇਟਰ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। ਅਕਾਦਮਿਕ ਇੰਚਾਰਜ ਡਾ. ਗੁਰਵੀਨ ਕੌਰ ਨੇ ਕਿਹਾ ਕਿ ਛੋਟੀ ਉਮਰ ਵਿੱਚ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ ਅਸਲ ਜੀਵਨ ਦੇ ਤਜ਼ਰਬਿਆਂ ਨਾਲ ਜੋੜਨਾ ਜ਼ਰੂਰੀ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿੱਚ ਉਤਸੁਕਤਾ, ਰਚਨਾਤਮਕਤਾ ਅਤੇ ਸਮਾਜਿਕ ਹੁਨਰਾਂ ਨੂੰ ਉਤਸ਼ਾਹਿਤ ਕਰਦੀਆਂ ਹਨ। ਫਨਸਿਟੀ ਦਾ ਇਹ ਦੌਰਾ ਬੱਚਿਆਂ ਲਈ ਮਨੋਰੰਜਨ ਦੇ ਨਾਲ-ਨਾਲ ਸਿੱਖਣ ਦਾ ਵੀ ਸੁੰਦਰ ਅਨੁਭਵ ਰਿਹਾ। ਅੰਤ ਵਿੱਚ ਬੱਚੇ ਪੂਰੇ ਦਿਨ ਦੀਆਂ ਯਾਦਾਂ ਅਤੇ ਖੁਸ਼ੀ ਭਰੇ ਪਲ ਆਪਣੇ ਨਾਲ ਲੈ ਕੇ ਸਕੂਲ ਵਾਪਸ ਪਰਤੇ।