ਘਰ-ਘਰ ਦਸਤਕ ਦੇਵੇਗੀ ਸਿਹਤ ਵਿਭਾਗ ਦੀ ਟੀਮ
ਹੁਣ ਪਿੰਡ-ਪਿੰਡ ਪਹੁੰਚ ਕੇ ਸਿਹਤ ਵਿਭਾਗ ਬਣਾਏਗਾ 10 ਲੱਖ ਰੁਪਏ ਵਾਲੇ ਸਿਹਤ ਬੀਮਾ ਕਾਰਡ
Publish Date: Fri, 23 Jan 2026 04:41 PM (IST)
Updated Date: Fri, 23 Jan 2026 04:42 PM (IST)

ਪੰਜਾਬੀ ਜਾਗਰਣ ਟੀਮ, ਜਲਾਲਾਬਾਦ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਨੇ ਇੱਕ ਵੱਡੀ ਪਹਿਲ ਸ਼ੁਰੂ ਕੀਤੀ ਹੈ।ਜਿਸ ਦੇ ਤਹਿਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਹੁਣ ਖੁਦ ਜਲਾਲਾਬਾਦ ਵਿੱਚ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਉਣਗੀਆਂ। ਇਸ ਮੁਹਿੰਮ ਦਾ ਮੁੱਖ ਉਦੇਸ਼ ਉਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਕਵਰ ਕਰਨਾ ਹੈ, ਜੋ ਜਾਣਕਾਰੀ ਦੀ ਘਾਟ ਕਾਰਨ ਅਜੇ ਤੱਕ ਆਪਣਾ ਕਾਰਡ ਨਹੀਂ ਬਣਵਾ ਸਕੇ ਹਨ। ਇਸ ਮੌਕੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ, ਯੂਥ ਵਿੰਗ ਦੇ ਪ੍ਰਧਾਨ ਅਣੀ ਗਿਰਧਰ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ ਅਤੇ ਯੂਥ ਆਗੂ ਸੁਖਮਨ ਸੰਧੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਇਸ ਨਵੀਂ ਯੋਜਨਾ ਦੇ ਤਹਿਤ ਪਾਤਰ ਪਰਿਵਾਰ ਹੁਣ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਇਹ ਸਹੂਲਤ ਸਮਾਜ ਦੇ ਹਰ ਵਰਗ, ਚਾਹੇ ਉਹ ਮਜ਼ਦੂਰ ਹੋਵੇ, ਕਿਸਾਨ ਹੋਵੇ ਜਾਂ ਛੋਟਾ ਵਪਾਰੀ, ਸਾਰਿਆਂ ਲਈ ਉਪਲਬਧ ਕਰਵਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਗਰੀਬ ਵਿਅਕਤੀ ਨੂੰ ਇਲਾਜ ਲਈ ਆਪਣੀ ਜ਼ਮੀਨ ਜਾਂ ਘਰ ਵੇਚਣ ਦੀ ਲੋੜ ਨਹੀਂ ਪਵੇਗੀ। ਕੈਂਪਾਂ ਰਾਹੀਂ ਮੌਕੇ ਤੇ ਹੀ ਹੋਵੇਗੀ ਰਜਿਸਟ੍ਰੇਸ਼ਨ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪਿੰਡਾਂ ਵਿੱਚ ਵਿਸ਼ੇਸ਼ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਿਹਤ ਵਿਭਾਗ ਅਤੇ ਯੂਥ ਵਾਲੰਟੀਅਰਾਂ ਦੀਆਂ ਟੀਮਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਜਾਂ ਸਾਂਝੀਆਂ ਥਾਵਾਂ ਤੇ ਕੈਂਪ ਲਗਾ ਰਹੀਆਂ ਹਨ। ਇਨ੍ਹਾਂ ਕੈਂਪਾਂ ਵਿੱਚ ਬਾਇਓਮੈਟ੍ਰਿਕਸ ਅਤੇ ਦਸਤਾਵੇਜ਼ਾਂ ਦੀ ਤਸਦੀਕ ਕਰਕੇ ਮੌਕੇ ਤੇ ਹੀ ਕਾਰਡ ਜਾਰੀ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਲੋਕ ਆਪਣੇ ਆਧਾਰ ਕਾਰਡ ਅਤੇ ਲੋੜੀਂਦੇ ਦਸਤਾਵੇਜ਼ ਲੈ ਕੇ ਇਨ੍ਹਾਂ ਕੈਂਪਾਂ ਵਿੱਚ ਪਹੁੰਚਣ। 765 ਤੋਂ ਵੱਧ ਹਸਪਤਾਲਾਂ ’ਚ ਮਿਲੇਗੀ ਸਹੂਲਤ ਇਸ ਯੋਜਨਾ ਦੇ ਘੇਰੇ ਵਿੱਚ ਪੰਜਾਬ ਦੇ ਲਗਭਗ 765 ਛੋਟੇ-ਵੱਡੇ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ 77 ਸਾਲਾਂ ਵਿੱਚ ਪਹਿਲੀ ਵਾਰ ਇੰਨੀ ਵੱਡੀ ਰਕਮ ਦਾ ਸਿਹਤ ਬੀਮਾ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਸੇ ਦੀ ਘਾਟ ਕਾਰਨ ਕੋਈ ਵੀ ਨਾਗਰਿਕ ਬਿਹਤਰ ਇਲਾਜ ਤੋਂ ਵਾਂਝਾ ਨਾ ਰਹੇ। ਜਲਾਲਾਬਾਦ ਹਸਪਤਾਲ ਨੂੰ ਵੀ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਕਰ ਦਿੱਤਾ ਗਿਆ ਹੈ, ਜਿੱਥੇ 24 ਘੰਟੇ ਐਮਰਜੈਂਸੀ ਸੇਵਾਵਾਂ ਉਪਲਬਧ ਰਹਿਣਗੀਆਂ।