45 ਦਿਨਾਂ ਤੋਂ ਲਾਪਤਾ ਨਾਬਾਲਿਗ ਲੜਕੀ ਦਾ ਕੋਈ ਸੁਰਾਗ ਨਹੀਂ 45 ਦਿਨਾਂ ਤੋਂ ਲਾਪਤਾ ਨਾਬਾਲਿਗ ਲੜਕੀ ਦਾ ਕੋਈ ਸੁਰਾਗ ਨਹੀਂ
Publish Date: Tue, 07 Jul 2026 03:39 PM (IST)
Updated Date: Tue, 07 Jul 2026 03:42 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਗੋਬਿੰਦ ਨਗਰੀ ਦੀ 45 ਦਿਨਾਂ ਤੋਂ ਲਾਪਤਾ ਨਾਬਾਲਿਗ ਲੜਕੀ ਦਾ ਅਜੇ ਤੱਕ ਕੋਈ ਸੁਰਾਗ ਨਾ ਮਿਲਣ ਕਾਰਨ ਸੋਮਵਾਰ ਨੂੰ ਸ਼ਹਿਰ ਵਾਸੀਆਂ ਦਾ ਗੁੱਸਾ ਫੁੱਟ ਪਿਆ। ਵਪਾਰਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੇ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਿਟੀ ਥਾਣੇ ਪਹੁੰਚੇ। ਉੱਥੇ ਥਾਣੇ ਦੇ ਬਾਹਰ ਧਰਨਾ ਦੇ ਕੇ ਲੜਕੀ ਨੂੰ ਜਲਦੀ ਬਰਾਮਦ ਕਰਨ ਦੀ ਮੰਗ ਕੀਤੀ। ਧਰਨੇ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ, ਕਿਸਾਨ ਆਗੂ ਸੁਖਜਿੰਦਰ ਰਾਜਨ, ਭਾਜਪਾ ਆਗੂ ਧਨਪਤ ਸਿਆਗ, ਦੀਪਕ ਛਾਪੋਲਾ, ਪਾਰਸ਼ਦਾ ਪਤੀ ਪੁਨੀਤ ਅਰੋੜਾ, ਰਾਜੇਸ਼ ਗੁਪਤਾ, ਕਾਂਗਰਸ ਆਗੂ ਸੁਭਾਸ਼ ਬਾਘਲਾ, ਸਮਾਜ ਸੇਵੀ ਰਾਜੂ ਚਰਾਇਆ, ਕਿਸਾਨ ਆਗੂ ਗੁਰਮੀਤ ਪ੍ਰਜਾਪਤੀ, ਲਲਿਤ ਸੋਨੀ ਸਮੇਤ ਪੀੜਤ ਪਰਿਵਾਰ ਅਤੇ ਮੁਹੱਲਾ ਵਾਸੀ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 45 ਦਿਨ ਬੀਤ ਜਾਣ ਦੇ ਬਾਵਜੂਦ ਨਾਬਾਲਿਗ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮੁੱਖ ਦੋਸ਼ੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਹੈ, ਪਰ ਮੁੱਖ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਇਸ ਮਾਮਲੇ ਨੂੰ ਲੋੜੀਂਦੀ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬਾਜ਼ਾਰ ਬੰਦ ਨਹੀਂ, ਲੋਕਤੰਤਰੀ ਢੰਗ ਨਾਲ ਦਬਾਅ ਬਣਾਉਣ ਦਾ ਫ਼ੈਸਲਾ ਵਪਾਰ ਮੰਡਲ ਅਤੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਬਾਜ਼ਾਰ ਬੰਦ ਕਰਨ ਦਾ ਪ੍ਰਸਤਾਵ ਵੀ ਆਇਆ ਸੀ, ਪਰ ਵਪਾਰ ਮੰਡਲ ਦੇ ਪ੍ਰਧਾਨ ਸੁਰੇਸ਼ ਸਤੀਜਾ ਨੇ ਕਿਹਾ ਕਿ ਦੁਕਾਨਾਂ ਬੰਦ ਕਰਨਾ ਕੋਈ ਸਥਾਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਹੱਕ ਵਿੱਚ ਪੁਲਿਸ ਤੇ ਲੋਕਤੰਤਰੀ ਢੰਗ ਨਾਲ ਦਬਾਅ ਬਣਾਇਆ ਜਾਵੇਗਾ। ਇਸੇ ਤਹਿਤ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਵਪਾਰ ਮੰਡਲ ਹਰ ਮੁਸ਼ਕਲ ਵੇਲੇ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ। 11 ਲੋਕਾਂ ਤੋਂ ਪੁੱਛਗਿੱਛ, ਹਰ ਪੱਖ ਤੋਂ ਜਾਂਚ ਜਾਰੀ : ਪੁਲਿਸ ਥਾਣਾ ਮੁਖੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਐਸਐਸਪੀ ਦੇ ਨਿਰਦੇਸ਼ਾਂ ਤੇ ਪੁਲਿਸ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ 11 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਨਾਬਾਲਿਗ ਨੇ ਸੁਨੀਲ ਨਾਮਕ ਨੌਜਵਾਨ ਰਾਹੀਂ ਆਪਣੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਰਾਜਸਥਾਨ ਤੋਂ ਉਸ ਨੌਜਵਾਨ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਜਾਂਚ ਨਾਲ ਜੁੜੀਆਂ ਕਈ ਤਕਨੀਕੀ ਜਾਣਕਾਰੀਆਂ ਜਨਤਕ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਇਸ ਨਾਲ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਹਰ ਅਪਡੇਟ ਪੀੜਤ ਪਰਿਵਾਰ ਨੂੰ ਦੇ ਰਹੀ ਹੈ। ਪੁਲਿਸ ਨੇ ਮੰਗਿਆ ਹਫ਼ਤੇ ਦਾ ਸਮਾਂ, ਪੰਚਾਇਤ ਮੰਨੀ ਪਰ ਪਰਿਵਾਰ ਧਰਨੇ ’ਤੇ ਡਟਿਆ ਪੁਲਿਸ ਅਧਿਕਾਰੀਆਂ ਨੇ ਸਮਾਜਿਕ ਜਥੇਬੰਦੀਆਂ ਅਤੇ ਪੰਚਾਇਤ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਦਿਆਂ ਭਰੋਸਾ ਦਿੱਤਾ ਕਿ ਨਾਮਜ਼ਦ ਦੋਸ਼ੀ ਅਤੇ ਨਾਬਾਲਿਗ ਲੜਕੀ ਨੂੰ ਲੱਭ ਲਿਆ ਜਾਵੇਗਾ। ਨਾਲ ਹੀ ਦੋਸ਼ੀ ਦੇ ਨਾਨਾ ਨੰਦ ਸਿੰਘ ਨੂੰ ਵੀ ਦੋ-ਤਿੰਨ ਦਿਨਾਂ ਵਿੱਚ ਗ੍ਰਿਫ਼ਤਾਰ ਕਰਨ ਅਤੇ ਉਸ ਦੀ ਜ਼ਮਾਨਤ ਕਰਵਾਉਣ ਵਾਲੇ ਵਿਅਕਤੀ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਭਰੋਸੇ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਅਤੇ ਪੰਚਾਇਤ ਦੇ ਨੁਮਾਇੰਦੇ ਵਾਪਸ ਚਲੇ ਗਏ, ਪਰ ਨਾਬਾਲਿਗ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰ ਆਪਣੀ ਮੰਗ ’ਤੇ ਅੜੇ ਰਹੇ। ਉਹ ਥਾਣਾ ਪਰਿਸਰ ਵਿੱਚ ਦਰੱਖਤ ਹੇਠਾਂ ਧਰਨੇ ਤੇ ਬੈਠ ਗਏ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਧੀ ਸੁਰੱਖਿਅਤ ਵਾਪਸ ਨਹੀਂ ਮਿਲਦੀ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।