ਤਿੰਨ ਦਿਨਾਂ ਤੋਂ ਲਾਪਤਾ ਪੰਜਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਦਾ ਨਹੀਂ ਲੱਗਾ ਕੋਈ ਸੁਰਾਗ, ਪਰਿਵਾਰ ਚਿੰਤਤ ਤਿੰਨ ਦਿਨਾਂ ਤੋਂ ਲਾਪਤਾ ਪੰਜਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਦਾ ਨਹੀਂ ਲੱਗਾ ਕੋਈ ਸੁਰਾਗ, ਪਰਿਵਾਰ ਚਿੰਤਤ
Publish Date: Sat, 24 Oct 2026 06:28 PM (IST)
Updated Date: Sat, 24 Oct 2026 06:31 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਅਬੋਹਰ ਦੇ ਮੁਹੱਲਾ ਰਾਮ ਨਗਰ ਦੀ ਗਲੀ ਨੰਬਰ-2 ਤੋਂ 21 ਅਕਤੂਬਰ ਨੂੰ ਲਾਪਤਾ ਹੋਏ ਪੰਜਵੀਂ ਜਮਾਤ ਦੇ ਕਰੀਬ 13 ਸਾਲਾ ਵਿਦਿਆਰਥੀ ਅਰਮਾਨ ਦਾ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚੇ ਦੀ ਭਾਲ ਲਈ ਪਰਿਵਾਰਕ ਮੈਂਬਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਬੱਚੇ ਦੀ ਜਲਦ ਭਾਲ ਕਰਨ ਦੀ ਗੁਹਾਰ ਲਗਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਰਾਮ ਨਗਰ ਵਾਸੀ ਟੋਨੀ ਪੁੱਤਰ ਮੋਹਨ ਲਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਅਰਮਾਨ ਸਰਕਾਰੀ ਬੇਸਿਕ ਸਕੂਲ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ 21 ਅਕਤੂਬਰ ਨੂੰ ਅਰਮਾਨ ਆਪਣੇ ਘਰ ਦੇ ਨੇੜੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਸ਼ਾਮ ਕਰੀਬ 6 ਵਜੇ ਜਦੋਂ ਉਹ ਉਸ ਨੂੰ ਬੁਲਾਉਣ ਲਈ ਘਰੋਂ ਬਾਹਰ ਆਏ ਤਾਂ ਅਰਮਾਨ ਉੱਥੇ ਮੌਜੂਦ ਨਹੀਂ ਸੀ। ਪਰਿਵਾਰ ਨੇ ਪਹਿਲਾਂ ਆਸ-ਪਾਸ ਦੇ ਇਲਾਕੇ ਵਿੱਚ ਉਸ ਦੀ ਭਾਲ ਕੀਤੀ ਅਤੇ ਉਸ ਨਾਲ ਖੇਡਣ ਵਾਲੇ ਬੱਚਿਆਂ ਤੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ। ਟੋਨੀ ਨੇ ਦੱਸਿਆ ਕਿ ਪੁੱਤਰ ਦੇ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਬੇਹੱਦ ਚਿੰਤਤ ਹਨ। ਉਨ੍ਹਾਂ ਆਪਣੇ ਪੱਧਰ ’ਤੇ ਕਾਫ਼ੀ ਭਾਲ ਕੀਤੀ ਅਤੇ ਰਿਸ਼ਤੇਦਾਰਾਂ ਕੋਲ ਵੀ ਪਤਾ ਕੀਤਾ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਰਮਾਨ ਦੀ ਭਾਲ ਲਈ ਲੋੜੀਂਦੇ ਕਦਮ ਚੁੱਕੇ ਜਾਣ, ਤਾਂ ਜੋ ਉਹ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਸਕੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਅਰਮਾਨ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਜਾਂ ਉਹ ਕਿਤੇ ਦਿਖਾਈ ਦਿੰਦਾ ਹੈ ਤਾਂ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ। ਪਰਿਵਾਰ ਨੇ ਕਿਹਾ ਕਿ ਬੱਚੇ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਉਚਿਤ ਇਨਾਮ ਦੇ ਕੇ ਧੰਨਵਾਦ ਕੀਤਾ ਜਾਵੇਗਾ। ਪਰਿਵਾਰ ਨੂੰ ਉਮੀਦ ਹੈ ਕਿ ਲੋਕਾਂ ਦੇ ਸਹਿਯੋਗ ਅਤੇ ਪੁਲਿਸ ਦੀ ਕੋਸ਼ਿਸ਼ ਨਾਲ ਅਰਮਾਨ ਦਾ ਜਲਦ ਪਤਾ ਲੱਗ ਸਕੇਗਾ।