ਕਾਂਗਰਸ ਵੱਲੋਂ ਐੱਸਸੀ ਵਿੰਗ ’ਚ ਨਵੀਆਂ ਨਿਯੁਕਤੀਆਂ
ਕਾਂਗਰਸ ਐਸਸੀ ਵਿੰਗ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ: ਰਾਜ ਬਖਸ਼ ਕੰਬੋਜ
Publish Date: Sat, 17 Jan 2026 05:04 PM (IST)
Updated Date: Sat, 17 Jan 2026 05:07 PM (IST)

ਜਲਾਲਾਬਾਦ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਓਬੀਸੀ ਸੈੱਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਦੀ ਅਗਵਾਈ ਹੇਠ ਐਸਸੀ ਵਿੰਗ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਰਾਜ ਬਖਸ਼ ਕੰਬੋਜ ਅਤੇ ਬਲਾਕ ਪ੍ਰਧਾਨ ਬੰਟੀ ਵਾਰਸ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਰਾਜ ਬਖਸ਼ ਕੰਬੋਜ ਨੇ ਨਵ-ਨਿਯੁਕਤ ਅਹੁਦੇਦਾਰਾਂ, ਜਿਨ੍ਹਾਂ ਵਿੱਚ ਵਿਸ਼ਾਲ ਜੀ, ਮਨੂ ਜੀ ਅਤੇ ਹੋਰ ਮਹਿਲਾ ਮੈਂਬਰ ਸ਼ਾਮਲ ਹਨ, ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸ ਰਾਸ਼ਟਰੀ ਪਾਰਟੀ ਦਾ ਹਿੱਸਾ ਬਣਨ ਲਈ ਕਿਸਮਤ ਵਾਲਾ ਦੱਸਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤ ਅਤੇ ਪਛੜੇ ਸਮਾਜ ਦੇ ਉਥਾਨ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਸਮੇਂ ਤੋਂ ਚੱਲ ਰਹੀਆਂ ਰਾਖਵਾਂਕਰਨ, ਮੁਫ਼ਤ ਸਿੱਖਿਆ ਅਤੇ ਸਿਹਤ ਵਰਗੀਆਂ ਲੋਕ ਭਲਾਈ ਸਕੀਮਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਹੁਣੇ ਤੋਂ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਸ਼ੁਰੂ ਕਰਨ ਤਾਂ ਜੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣਾਈ ਜਾ ਸਕੇ। ਰਾਜ ਬਖਸ਼ ਕੰਬੋਜ ਨੇ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਵਾਅਦਾ ਕੀਤਾ ਕਿ ਮਿਹਨਤ ਕਰਨ ਵਾਲੇ ਸਾਥੀਆਂ ਨੂੰ ਸਰਕਾਰ ਬਣਨ ’ਤੇ ਬਣਦਾ ਮਾਣ-ਸਤਿਕਾਰ ਅਤੇ ਉੱਚੇ ਅਹੁਦੇ ਦਿੱਤੇ ਜਾਣਗੇ। ਇਸ ਮੌਕੇ ਜਗਨਨਾਥ (ਐਸਸੀ ਸੈੱਲ), ਅਲੀ (ਜ਼ਿਲ੍ਹਾ ਪ੍ਰਧਾਨ ਓਬੀਸੀ ਸੈੱਲ), ਜਗਦੀਸ਼ (ਸੇਵਾ ਦਲ ਪ੍ਰਧਾਨ) ਅਤੇ ਹੋਰ ਸੀਨੀਅਰ ਸਾਥੀ ਜਿਵੇਂ ਕੈਲਾਸ਼, ਬਬਲੂ ਅਤੇ ਵਿਨੋਦ ਵੀ ਮੌਜੂਦ ਸਨ। ਰਾਜ ਬਖਸ਼ ਕੰਬੋਜ ਨੇ ਉਮੀਦ ਜਤਾਈ ਕਿ ਨਵੇਂ ਅਹੁਦੇਦਾਰ ਆਪਣੇ-ਆਪਣੇ ਮੁਹੱਲਿਆਂ ਅਤੇ ਗਲੀਆਂ ਵਿੱਚ ਲੋਕਾਂ ਨੂੰ ਜੋੜ ਕੇ ਪਾਰਟੀ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨਗੇ।