ਨਗਰ ਕੌਂਸਲ ਨੇ ਸਿੱਧ ਸ਼੍ਰੀ ਹਨੂਮਾਨ ਮੰਦਰ ਨੇੜੇ ਸੜਕ ਦਾ ਨਿਰਮਾਣ ਸ਼ੁਰੂ ਕਾਰਵਾਇਆ ਨਗਰ ਕੌਂਸਲ ਵਲੋਂ ਸਿੱਧ ਸ੍ਰੀ ਹਨੂਮਾਨ ਮੰਦਰ ਨੇੜੇ ਸੜਕ ਦਾ ਨਿਰਮਾਣ ਸ਼ੁਰੂ ਕਾਰਵਾਈਆਂ
Publish Date: Tue, 22 Sep 2026 05:43 PM (IST)
Updated Date: Tue, 22 Sep 2026 05:45 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫ਼ਾਜ਼ਿਲਕਾ : ਨਗਰ ਕੌਂਸਲ ’ਤੇ ਕਾਬਜ਼ ਭਾਜਪਾ ਦੀ ਟੀਮ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਹਿਤ ਸੋਮਵਾਰ ਨੂੰ ਫ਼ਾਜ਼ਿਲਕਾ ਦੇ ਸਿੱਧ ਸ੍ਰੀ ਹਨੂਮਾਨ ਮੰਦਰ ਦੇ ਪਿੱਛੇ ਪਿਛਲੇ ਕਰੀਬ ਇੱਕ ਦਹਾਕੇ ਤੋਂ ਅਣਦੇਖੀ ਦਾ ਸ਼ਿਕਾਰ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਨੇ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਅਨੀਤਾ ਜੈਰਥ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਭਾਜਪਾ ਬੋਰਡ ਨੂੰ ਕੰਮ ਨਹੀਂ ਕਰਨ ਦਿੱਤੇ ਗਏ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਸ ਸੜਕ ਦਾ ਨਿਰਮਾਣ ਕਾਰਜ ਲੰਬੇ ਸਮੇਂ ਤੱਕ ਲਟਕਿਆ ਰਿਹਾ। ਵਾਰਡ ਕੌਂਸਲਰ ਬਲਵੀਰ ਸਿੰਘ ਨੇ ਦੱਸਿਆ ਕਿ ਇਹ ਸੜਕ ਆਨੰਦਪੁਰ ਮੁਹੱਲਾ, ਕਾਂਸ਼ੀ ਰਾਮ ਕਾਲੋਨੀ, ਆਵਾ ਕਾਲੋਨੀ ਅਤੇ ਅੱਗੇ ਦਰਜਨਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀ ਪ੍ਰਮੁੱਖ ਸੜਕ ਹੈ। ਇਸ ਤੋਂ ਇਲਾਵਾ ਇਹ ਸੜਕ ਧੋਬੀਘਾਟ ਮੁਹੱਲੇ ਅਤੇ ਆਦਰਸ਼ ਨਗਰ ਨੂੰ ਕਾਲਜ ਰੋਡ ਨਾਲ ਵੀ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਸੜਕ ਦਾ ਨਿਰਮਾਣ ਲਗਾਤਾਰ ਅਣਦੇਖਿਆ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਇੱਥੋਂ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੀਂਹ ਅਤੇ ਸੀਵਰੇਜ ਦੇ ਪਾਣੀ ਕਾਰਨ ਸੜਕ ’ਤੇ ਅਕਸਰ ਪਾਣੀ ਖੜ੍ਹਾ ਰਹਿੰਦਾ ਸੀ, ਜਿਸ ਕਾਰਨ ਆਸ-ਪਾਸ ਦੇ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਭਾਜਪਾ ਆਗੂ ਅਸ਼ੋਕ ਜੈਰਥ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ ਨਗਰ ਕੌਂਸਲ ਦੇ ਫੰਡ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਸ ਸੜਕ ਦੇ ਨਿਰਮਾਣ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰੀ ਦਿਵਾਉਣ ਦੇ ਨਾਲ-ਨਾਲ ਇਸ ਦਾ ਟੈਂਡਰ ਵੀ ਪਾਸ ਕਰਵਾਇਆ ਗਿਆ ਹੈ।ਇਸ ਮੌਕੇ ਭਾਜਪਾ ਯੁਵਾ ਆਗੂ ਸੁਨੀਲ ਕਸ਼ਯਪ, ਜਸਵੀਰ ਸਿੰਘ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।