ਇੰਟਰ ਕਾਲਜ ਅਥਲੈਟਿਕਸ ’ਚ ਐੱਮਆਰ ਕਾਲਜ ਦੀ ਝੰਡੀ ਇੰਟਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿੱਚ ਐੱਮ.ਆਰ. ਕਾਲਜ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ
Publish Date: Wed, 11 Nov 2026 05:37 PM (IST)
Updated Date: Wed, 11 Nov 2026 05:39 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਚੰਡੀਗੜ੍ਹ ਵਿਖੇ 2 ਤੋਂ 5 ਨਵੰਬਰ ਤੱਕ ਕਰਵਾਏ ਗਏ ਇੰਟਰ ਕਾਲਜ ਅਥਲੈਟਿਕਸ ਮੁਕਾਬਲਿਆਂ ਵਿੱਚ ਐੱਮ.ਆਰ. ਕਾਲਜ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਗਮੇ ਜਿੱਤ ਕੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਨੇ ਭਾਗ ਲਿਆ, ਪਰ ਐੱਮ.ਆਰ. ਕਾਲਜ ਦੇ ਖਿਡਾਰੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਨਾਲ ਵਿਸ਼ੇਸ਼ ਪਛਾਣ ਬਣਾਈ। ਮੁਕਾਬਲਿਆਂ ਦੌਰਾਨ ਹਕੀਕਤ ਕੌਰ ਗਰੇਵਾਲ ਨੇ ਹੈਮਰ ਥਰੋਅ ਵਿੱਚ ਆਪਣਾ ਹੀ ਪੁਰਾਣਾ ਰਿਕਾਰਡ ਤੋੜਦਿਆਂ 56.77 ਮੀਟਰ ਦੀ ਸ਼ਾਨਦਾਰ ਥਰੋਅ ਨਾਲ ਨਵਾਂ ਰਿਕਾਰਡ ਸਥਾਪਿਤ ਕੀਤਾ। ਇਸੇ ਤਰ੍ਹਾਂ ਲੌਂਗ ਜੰਪ ਵਿੱਚ ਹਰਮਨਦੀਪ ਸਿੰਘ ਸੰਧੂ ਨੇ 20 ਸਾਲ ਪੁਰਾਣਾ ਰਿਕਾਰਡ ਤੋੜ ਕੇ 7.36 ਮੀਟਰ ਦੀ ਛਾਲ ਲਗਾਈ ਅਤੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਹਰਵਿੰਦਰ ਸਿੰਘ ਪੂਰਾ ਦੇ ਨਾਮ ਸੀ, ਜਿਨ੍ਹਾਂ ਨੇ 7.35 ਮੀਟਰ ਦੀ ਛਾਲ ਲਗਾਈ ਸੀ। ਇਸ ਤੋਂ ਇਲਾਵਾ ਪੂਖਰਾਜ ਸਿੰਘ ਗਰੇਵਾਲ ਨੇ ਡੈਕਾਥਲਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਅਲਫ਼ਾਜ਼ ਕੌਰ ਗਰੇਵਾਲ ਨੇ ਹੈਪਟਾਥਲਨ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਹਕੀਕਤ ਕੌਰ ਗਰੇਵਾਲ, ਅਲਫ਼ਾਜ਼ ਕੌਰ ਗਰੇਵਾਲ ਅਤੇ ਪੂਖਰਾਜ ਸਿੰਘ ਗਰੇਵਾਲ ਤਿੰਨੋਂ ਭੈਣ-ਭਰਾ ਹਨ। ਇੱਕੋ ਪਰਿਵਾਰ ਦੇ ਤਿੰਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨਾ ਫਾਜ਼ਿਲਕਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਚੌਥਾ ਖਿਡਾਰੀ ਨਰਿੰਦਰ ਸਿੰਘ ਗਰੇਵਾਲ ਵੀ ਅਥਲੈਟਿਕਸ ਕੋਚ ਰਾਣੀ ਗਰੇਵਾਲ ਦਾ ਸਿਖਿਆਰਥੀ ਹੈ। ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਉਨ੍ਹਾਂ ਨੂੰ ਮਿਲ ਰਹੇ ਸਹਿਯੋਗ ਅਤੇ ਉਤਸ਼ਾਹ ਨੂੰ ਵੀ ਜਾਂਦਾ ਹੈ। ਐੱਮ.ਆਰ. ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਮੰਜੂ ਕਪੂਰ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਰਾਮ ਸਿੰਘ ਪੁੱਲਰ ਅਤੇ ਸਮੂਹ ਸਟਾਫ਼ ਵੱਲੋਂ ਖਿਡਾਰੀਆਂ ਦੀ ਵਾਪਸੀ ਤੇ ਨਿੱਘਾ ਸਵਾਗਤ ਕੀਤਾ ਗਿਆ। ਡਾ. ਰਾਮ ਸਿੰਘ ਪੁੱਲਰ ਵੱਲੋਂ ਖਿਡਾਰੀਆਂ ਨੂੰ ਕਾਲਜ ਵਿੱਚ ਅਭਿਆਸ ਕਰਨ ਲਈ ਸਮੇਂ-ਸਮੇਂ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜੋ ਉਨ੍ਹਾਂ ਦੀ ਤਿਆਰੀ ਅਤੇ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਖਿਡਾਰੀਆਂ ਵੱਲੋਂ ਪ੍ਰਿੰਸੀਪਲ ਮੰਜੂ ਕਪੂਰ, ਡਾ. ਰਾਮ ਸਿੰਘ ਪੁੱਲਰ ਅਤੇ ਸਮੂਹ ਕਾਲਜ ਸਟਾਫ਼ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਅਥਲੈਟਿਕਸ ਕੋਚ ਨਗਿੰਦਰ ਸਿੰਘ ਅਤੇ ਰਾਣੀ ਗਰੇਵਾਲ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਚਾਰ ਤਗਮਿਆਂ ਤੱਕ ਸੀਮਤ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਚੋਣ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਲਈ ਹੋਵੇਗੀ, ਜਿੱਥੇ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਨਵੇਂ ਰਿਕਾਰਡ ਸਥਾਪਿਤ ਕਰਨ ਅਤੇ ਕੌਮੀ ਪੱਧਰ ਤੇ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਸ਼ਾਨਦਾਰ ਜਿੱਤ ਖਿਡਾਰੀਆਂ ਦੀ ਮਿਹਨਤ, ਕੋਚਾਂ ਦੀ ਲਗਨ ਅਤੇ ਕਾਲਜ ਪ੍ਰਬੰਧਨ ਦੇ ਸਹਿਯੋਗ ਦਾ ਨਤੀਜਾ ਹੈ। ਐੱਮ.ਆਰ. ਕਾਲਜ ਦੇ ਖਿਡਾਰੀਆਂ ਦੀ ਇਸ ਪ੍ਰਾਪਤੀ ਨਾਲ ਪੂਰੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ।