ਮੈਨੂੰ ਕੁੱਕੜ ਬਣੀ ਮੰਡੀ ਅਰਨੀਵਾਲਾ ਨਗਰ ਪੰਚਾਇਤ ਦੀ ਪ੍ਰਧਾਨ ਮੈਨੂੰ ਕੁੱਕੜ ਬਣੀ ਮੰਡੀ ਅਰਨੀਵਾਲਾ ਨਗਰ ਪੰਚਾਇਤ ਦੀ ਪ੍ਰਧਾਨ
Publish Date: Tue, 14 Jul 2026 05:47 PM (IST)
Updated Date: Tue, 14 Jul 2026 05:48 PM (IST)
ਨਵਜੋਤ ਸਿੰਘ.ਪੰਜਾਬੀ ਜਾਗਰਣ ਮੰਡੀ ਅਰਨੀਵਾਲਾ : ਹਾਲ ਹੀ ਵਿੱਚ ਸੰਪੰਨ ਹੋਈ ਅਰਨੀਵਾਲਾ ਨਗਰ ਕੌਂਸਲ ਚੋਣਾਂ ਤੋਂ ਬਾਅਦ ਅੱਜ ਅਰਨੀਵਾਲਾ ਨਗਰ ਪੰਚਾਇਤ ਵਿੱਚ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਕਮੇਟੀ ਦਾ ਗਠਨ ਹੋ ਗਿਆ ਹੈ। ਜਲਾਲਾਬਾਦ ਤੋਂ ‘ਆਪ’ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਦੀ ਅਗਵਾਈ ਹੇਠ ਮੋਨੂ ਕੁੱਕੜ ਨੂੰ ਨਗਰ ਪ੍ਰਧਾਨ ਦੀ ਕੁਰਸੀ ਸੌਂਪੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਆਸ਼ੀਰਵਾਦ ਦਿੱਤਾ। ਵਿਧਾਇਕ ਗੋਲਡੀ ਕੰਬੋਜ ਨੇ ਇਸ ਨਿਯੁਕਤੀ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਅਰਨੀਵਾਲਾ ਨਗਰ ਪੰਚਾਇਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਨਗਰ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਧਾਇਕ ਗੋਲਡੀ ਕੰਬੋਜ ਨੇ ਪਿਛਲੀ ਕਾਂਗਰਸ ਸਰਕਾਰ ਅਤੇ ਉਸ ਦੀ ਸਥਾਨਕ ਕਮੇਟੀ ’ਤੇ ਦੋਸ਼ ਲਗਾਇਆ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਸਿਰਫ਼ ਕਾਗਜ਼ੀ ਕਾਰਵਾਈ ਹੋਈ ਅਤੇ ਵਿਕਾਸ ਕਾਰਜ ਜ਼ਮੀਨੀ ਪੱਧਰ ’ਤੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਰਨੀਵਾਲਾ ਵਿੱਚ ਛੱਪੜ ਦੇ ਪਾਣੀ ਦੀ ਸਫਾਈ ਲਈ 26 ਤੋਂ 28 ਲੱਖ ਰੁਪਏ ਦੇ ਪ੍ਰਸਤਾਵ ਤਾਂ ਪਾਸ ਕੀਤੇ ਗਏ, ਪਰ ਅਸਲ ਵਿੱਚ ਇੱਕ ਰੁਪਇਆ ਵੀ ਖਰਚ ਨਹੀਂ ਕੀਤਾ ਗਿਆ। ਗੋਲਡੀ ਕੰਬੋਜ ਨੇ ਕਿਹਾ ਕਿ ਹੁਣ ਨਗਰ ਪੰਚਾਇਤ ਵਿੱਚ ‘ਆਪ’ ਦੀ ਸਰਕਾਰ ਬਣ ਗਈ ਹੈ ਅਤੇ ਵਿਕਾਸ ਕਾਰਜ ਬਿਨਾਂ ਕਿਸੇ ਭੇਦਭਾਵ ਦੇ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਵੀ ਅਰਨੀਵਾਲਾ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਕਰਵਾਏ ਗਏ ਹਨ ਅਤੇ ਆਉਣ ਵਾਲੇ ਚਾਰ ਮਹੀਨਿਆਂ ਵਿੱਚ ਇਲਾਕੇ ਵਿੱਚ ਵਿਕਾਸ ਦੀ ਨਵੀਂ ਲਹਿਰ ਦੇਖਣ ਨੂੰ ਮਿਲੇਗੀ। 50 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ ਜਿੱਤ ਨਵ-ਨਿਯੁਕਤ ਨਗਰ ਪ੍ਰਧਾਨ ਮੋਨੂ ਕੱਕੜ ਅਤੇ ਉਨ੍ਹਾਂ ਦੇ ਪਤੀ ਤੇ ਕੌਂਸਲਰ ਅਜੇ ਕੱਕੜ ਨੇ ਪਾਰਟੀ ਲੀਡਰਸ਼ਿਪ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 9 ਦੀ ਚੋਣ ਦੌਰਾਨ ਮੁਕਾਬਲਾ ਬਹੁਤ ਸਖ਼ਤ ਸੀ ਅਤੇ ਪੂਰੀ ਤਾਕਤ ਲਗਾਉਣ ਤੋਂ ਬਾਅਦ ਉਨ੍ਹਾਂ ਨੇ 50 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਮੋਨੂ ਕੁੱਕੜ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਜੋ ਭਰੋਸਾ ਜਤਾਇਆ ਹੈ, ਉਹ ਉਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ। ਇਸ ਤਾਜਪੋਸ਼ੀ ਸਮਾਰੋਹ ਦੌਰਾਨ ਵਿਧਾਇਕ ਗੋਲਡੀ ਕੰਬੋਜ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ‘ਆਪ’ ਆਗੂ ਹੈਪੀ ਸੰਧੂ, ਸੰਦੀਪ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਸਮਰਥਕ ਮੌਜੂਦ ਰਹੇ।