- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਸਿਰ 'ਤੇ, ਹੜਤਾਲ ਕਾਰਨ ਕੂੜੇ ਦੇ ਢੇਰਾਂ ਨਾਲ ਵਧੀਆਂ ਮੁਸ਼ਕਿਲਾਂ

- ਕੂੜਾ ਚੁੱਕਣ ਪਹੁੰਚੀ ਨਗਰ ਕੌਂਸਲ ਟੀਮ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਘਿਰਾਓ
- ਫਰੀਡਮ ਫਾਈਟਰ ਰੋਡ ’ਤੇ ਹੋਇਆ ਹੰਗਾਮਾ
-ਈਓ ਬੋਲੇ, ਬਿਮਾਰੀਆਂ ਤੋਂ ਬਚਾਅ ਲਈ ਜ਼ਰੂਰੀ ਥਾਵਾਂ ਤੋਂ ਕੂੜਾ ਚੁੱਕਣਾ ਲਾਜ਼ਮੀ
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ
ਫਾਜ਼ਿਲਕਾ : ਮੌਨਸੂਨ ਦੀ ਆਮਦ ਦੇ ਮੱਦੇਨਜ਼ਰ ਫਾਜ਼ਿਲਕਾ ਸ਼ਹਿਰ ਵਿੱਚ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਹੁਣ ਲੋਕਾਂ ਲਈ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਜੇਕਰ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਕੂੜਾ ਪਾਣੀ ਨਾਲ ਸੜਕਾਂ ਅਤੇ ਨਾਲਿਆਂ ਵਿੱਚ ਫੈਲ ਸਕਦਾ ਹੈ, ਜਿਸ ਨਾਲ ਜਲ ਭਰਾਅ, ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਹੋਰ ਵੱਧ ਸਕਦਾ ਹੈ। ਇਸੇ ਚਿੰਤਾ ਨੂੰ ਦੇਖਦਿਆਂ ਬੁੱਧਵਾਰ ਨੂੰ ਨਗਰ ਕੌਂਸਲ ਦੀ ਟੀਮ ਮਸ਼ੀਨਾਂ ਨਾਲ ਸ਼ਹਿਰ ਦੇ ਫਰੀਡਮ ਫਾਈਟਰ ਰੋਡ ’ਤੇ ਇਕੱਠੇ ਹੋਏ ਕੂੜੇ ਨੂੰ ਚੁੱਕਣ ਲਈ ਪਹੁੰਚੀ। ਪਰ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਟੀਮ ਦਾ ਘਿਰਾਓ ਕਰ ਲਿਆ ਅਤੇ ਕੂੜਾ ਚੁੱਕਣ ਤੋਂ ਰੋਕ ਦਿੱਤਾ। ਕੁਝ ਸਮੇਂ ਲਈ ਮੌਕੇ ’ਤੇ ਤਣਾਅਪੂਰਨ ਸਥਿਤੀ ਬਣੀ ਰਹੀ ਅਤੇ ਨਾਅਰੇਬਾਜ਼ੀ ਵੀ ਹੋਈ। ਹਾਲਾਤ ਨੂੰ ਦੇਖਦਿਆਂ ਨਗਰ ਕੌਂਸਲ ਦੀ ਟੀਮ ਨੂੰ ਬਿਨਾਂ ਕੂੜਾ ਚੁੱਕੇ ਹੀ ਵਾਪਸ ਮੁੜਨਾ ਪਿਆ।
ਈਓ ਨੇ ਮੌਕੇ ’ਤੇ ਪੁਲਿਸ ਬੁਲਾਈ : ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਵੀਰ ਵਿਕਰਮ ਧੂੜੀਆ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਹਨ, ਜਿਸ ਕਾਰਨ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਕੂੜਾ ਇਕੱਠਾ ਰਹਿਣ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਨਗਰ ਕੌਂਸਲ ਵੱਲੋਂ ਘੱਟੋ-ਘੱਟ ਸੰਵੇਦਨਸ਼ੀਲ ਅਤੇ ਲੋੜੀਂਦੇ ਇਲਾਕਿਆਂ ਤੋਂ ਕੂੜਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਟੀਮ ਫਰੀਡਮ ਫਾਈਟਰ ਰੋਡ ਤੋਂ ਕੂੜਾ ਚੁੱਕਣ ਪਹੁੰਚੀ ਤਾਂ ਸਫ਼ਾਈ ਕਰਮਚਾਰੀਆਂ ਨੇ ਮਸ਼ੀਨਾਂ ਅੱਗੇ ਖੜ੍ਹ ਕੇ ਕੰਮ ਰੁਕਵਾ ਦਿੱਤਾ। ਸਥਿਤੀ ਵਿਗੜਦੀ ਦੇਖ ਪੁਲਿਸ ਨੂੰ ਮੌਕੇ ’ਤੇ ਬੁਲਾਉਣਾ ਪਿਆ। ਹਾਲਾਂਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਟੀਮ ਵਾਪਸ ਪਰਤ ਗਈ।
ਸਫ਼ਾਈ ਕਰਮਚਾਰੀਆਂ ਨੇ ਰੱਖਿਆ ਆਪਣਾ ਪੱਖ : ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਮੰਗਾਂ ਦੇ ਹੱਲ ਦੀ ਬਜਾਏ ਪ੍ਰਸ਼ਾਸਨ ਹੜਤਾਲ ਨੂੰ ਨਾਕਾਮ ਕਰਨ ਲਈ ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦਾ ਉਹ ਵਿਰੋਧ ਕਰਨਗੇ। ਕਰਮਚਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਮੌਨਸੂਨ ਤੋਂ ਪਹਿਲਾਂ ਸ਼ਹਿਰ ਵਾਸੀਆਂ ਦੀ ਵਧੀ ਚਿੰਤਾ : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਨੂੰ ਬਦਬੂ ਅਤੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਗਰਿਕਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਂਦਾ ਹੈ ਤਾਂ ਕੂੜਾ ਨਾਲਿਆਂ ਵਿੱਚ ਫਸਣ ਕਾਰਨ ਜਲ ਭਰਾਅ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਇਸ ਨਾਲ ਮੱਛਰਾਂ ਦੀ ਪੈਦਾਵਾਰ ਵਧਣ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਹੈ।
ਗੱਲਬਾਤ ਰਾਹੀਂ ਹੱਲ ਦੀ ਕੋਸ਼ਿਸ਼ : ਈਓ ਵੀਰ ਵਿਕਰਮ ਧੂੜੀਆ ਨੇ ਕਿਹਾ ਕਿ ਨਗਰ ਕੌਂਸਲ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਹਿਮਤੀ ਬਣਨ ਤੋਂ ਬਾਅਦ ਜ਼ਰੂਰੀ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਮੁੜ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਸਿਹਤ ਅਤੇ ਸਫ਼ਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।