ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਚੱਕ ਜਾਨੀਸਰ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਚੱਕ ਜਾਨੀਸਰ ਵਿਖੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
Publish Date: Mon, 26 Oct 2026 03:24 PM (IST)
Updated Date: Mon, 26 Oct 2026 03:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲਾਲਾਬਾਦ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਅੱਜ ਹਲਕੇ ਦੇ ਪਿੰਡ ਚੱਕ ਜਾਨੀਸਰ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਨਵੀਂ ਬਣੀ 13 ਕਿੱਲੋਮੀਟਰ ਲਿੰਕ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰੰਗਲਾ ਪੰਜਾਬ ਵਿਕਾਸ ਸਕੀਮ ਤਹਿਤ ਗਰਾਮ ਪੰਚਾਇਤ ਚੱਕ ਜਾਨੀਸਰ ਦੇ ਛੱਪੜ ਦੇ ਆਲੇ-ਦੁਆਲੇ ਟਰੈਕ ਬਣਾਉਣ ਅਤੇ ਕ੍ਰਿਕਟ ਬਾਕਸ ਦੇ ਨਿਰਮਾਣ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿਕਾਸ ਕਾਰਜਾਂ ਨਾਲ ਪਿੰਡ ਵਾਸੀਆਂ ਨੂੰ ਸਹੂਲਤਾਂ ਮਿਲਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੇ ਵਧੇਰੇ ਮੌਕੇ ਮਿਲਣ ਦੀ ਉਮੀਦ ਹੈ। ਇਸੇ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੇ ਯਤਨਾਂ ਸਦਕਾ ਸਪੈਸ਼ਲ ਅਸਿਸਟੈਂਸ ਟੂ ਸਟੇਟਸ ਫ਼ਾਰ ਕੈਪੀਟਲ ਇਨਵੈਸਟਮੈਂਟ 2025-26 ਸਕੀਮ ਤਹਿਤ ਪੂਰਨ ਪੱਟੀ ਰੋਡ ਤੋਂ ਚੱਕ ਜਾਨੀਸਰ ਤੱਕ ਬਣਾਈ ਗਈ 13 ਕਿੱਲੋਮੀਟਰ ਲੰਬੀ ਲਿੰਕ ਸੜਕ ਦਾ ਉਦਘਾਟਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਕੀਤਾ ਗਿਆ। ਇਸ ਸੜਕ ਦੇ ਨਿਰਮਾਣ ਤੇ ਕਰੀਬ ਸਵਾ 4 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨਵੀਂ ਲਿੰਕ ਸੜਕ ਬਣਨ ਨਾਲ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਲੋਕਾਂ ਦਾ ਲਗਭਗ 15 ਤੋਂ 20 ਕਿੱਲੋਮੀਟਰ ਤੱਕ ਦਾ ਸਫ਼ਰ ਘੱਟ ਹੋਵੇਗਾ ਜਿਸ ਨਾਲ ਸਮੇਂ ਅਤੇ ਆਵਾਜਾਈ ਦੇ ਖ਼ਰਚੇ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ਦਾ ਮਜ਼ਬੂਤ ਨੈੱਟਵਰਕ ਪੇਂਡੂ ਖੇਤਰਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਵਿਧਾਇਕ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਪਿੰਡ ਦੀ ਗਰਾਮ ਪੰਚਾਇਤ ਦੇ ਨੁਮਾਇੰਦਿਆਂ ਤੋਂ ਇਲਾਵਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਅਤੇ ਹੋਰ ਪਾਰਟੀ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।