ਵਿਧਾਇਕ ਗੋਲਡੀ ਕੰਬੋਜ ਨੇ ਸਿਹਤ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ
ਵਿਧਾਇਕ ਗੋਲਡੀ ਕੰਬੋਜ ਨੇ ਸਿਹਤ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ
Publish Date: Fri, 23 Jan 2026 04:29 PM (IST)
Updated Date: Fri, 23 Jan 2026 04:30 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਮੁੱਖ ਮੰਤਰੀ ਸਿਹਤ ਯੋਜਨਾ’ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ ਰਾਜ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਆਮਦਨ ਜਾਂ ਉਮਰ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਮਿਊਨਿਟੀ ਹਾਲ ਪੈਲਸ ਜਲਾਲਾਬਾਦ ਵਿਖੇ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਯੋਜਨਾ ਤਹਿਤ ਕ੍ਰਿਟੀਕਲ ਕੇਅਰ, ਕੀਮੋਥੈਰੇਪੀ, ਡਿਲਿਵਰੀ, ਐਡਵਾਂਸ ਸਰਜਰੀਆਂ ਸਮੇਤ ਸਾਰੇ ਟੈਸਟ, ਦਵਾਈਆਂ ਅਤੇ ਸਰਜਰੀਆਂ ਦਾ ਪੂਰਾ ਖਰਚ ਸਰਕਾਰ ਵੱਲੋਂ ਉਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਅਧੀਨ ਪੂਰਾ ਪਰਿਵਾਰ ਕਵਰ ਕੀਤਾ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਯੋਜਨਾ ਅਧੀਨ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ 600 ਤੋਂ ਵੱਧ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਕੀਤੇ ਗਏ ਹਨ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਵੀ ਇਸ ਸਕੀਮ ਦਾ ਲਾਭ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ ਹੈ, ਜਿਸ ਨਾਲ ਕੋਈ ਵੀ ਪੰਜਾਬੀ ਇਲਾਜ ਦੀ ਕਮੀ ਕਾਰਨ ਆਪਣੀ ਜਾਨ ਨਹੀਂ ਗੁਆਏਗਾ। ਇਹ ਯੋਜਨਾ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੇ ਲਈ ਹੈ। ਰਜਿਸਟ੍ਰੇਸ਼ਨ ਲਈ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਲਾਜ਼ਮੀ ਹੋਵੇਗਾ।