ਸਰਬ ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵਿਧਾਇਕ ਨੇ ਚੈੱਕ ਵੰਡੇ
ਸਰਬ ਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਮ ਪੰਚਾਇਤਾਂ ਨੂੰ ਵਿਧਾਇਕ ਵੱਲੋਂ 5 ਲੱਖ ਰੁਪਏ ਚੈੱਕ ਵੰਡੇ
Publish Date: Thu, 19 Feb 2026 05:07 PM (IST)
Updated Date: Fri, 20 Feb 2026 04:06 AM (IST)

ਬੰਪਲ ਭਠੇਜਾ. ਪੰਜਾਬੀ ਜਾਗਰਣ, ਜਲਾਲਾਬਾਦ:ਪਿਛਲੇ ਸਾਲ ਪੰਜਾਬ ਭਰ ’ਚ ਹੋਈਆਂ ਪੰਚਾਇਤੀ ਚੋਣਾਂ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਲੋਂ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਸਰਬ ਸੰਮਤੀ ਨਾਲ ਗ੍ਰਾਮ ਪੰਚਾਇਤਾਂ ਦੀ ਚੋਣ ਕਰਨ ਵਾਲੇ ਪਿੰਡਾਂ ਨੂੰ ਸਨਮਾਨ ਦੇ ਰੂਪ ’ਚ ਸਰਕਾਰ ਦੇ ਵੱਲੋਂ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਕੜੀ ਦੇ ਤਹਿਤ ਜਲਾਲਾਬਾਦ ਵਿਖੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਰੋਹ ਦੌਰਾਨ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਮ ਪੰਚਾਇਤ ਪਿੰਡ, ਰੋਹੀ ਵਾਲਾ, ਚੱਕ ਪੱਖੀ, ਸੋਹਣਾ ਸਾਂਦੜ ,ਚੱਕ ਪੰਨੀ ਵਾਲਾ, ਨਵਾਂ ਤੇਲੁਪੁਰਾ ਮੌਲਵੀ ਵਾਲਾ ਚੱਕ ਬੁੱਧੋ ਕੇ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ ਬਾਅਦ ਹਲਕੇ ਦੇ ਪਿੰਡਾਂ ’ਚ ਲੋਕਾਂ ਵੱਲੋਂ ਆਪਣੀ ਭਾਈਚਾਰਕ ਸਾਂਝ ਦੇ ਏਕੇ ਦਾ ਸਬੂਤ ਦਿੰਦੇ ਹੋਏ ਪੜ੍ਹੇ ਲਿਖੇ ਤੇ ਸੂਝਵਾਨ ਉਮੀਦਵਾਰਾਂ ਨੂੰ ਆਪਣੇ ਆਪਣੇ ਪਿੰਡ ਦੇ ਨੁਮਾਇੰਦੇ ਚੁਣੇ ਕੇ ਵੱਡੀ ਜ਼ਿੰਮੇਵਾਰੀ ਸੌਪੀ ਗਈ ਸੀ । ਵਿਧਾਇਕ ਗੋਲਡੀ ਨੇ ਆਖਿਆ ਕਿ ਮਾਨ ਸਰਕਾਰ ਦੇ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ ਲੱਗਭੱਗ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ 7 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਭੇਟ ਕੀਤੇ ਗਏ ਹਨ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਕਿ ਪਿੰਡਾਂ ’ਚ ਆਪਸੀ ਲੜਾਈ ਝਗੜੇ ਵੀ ਬਹੁਤ ਘੱਟ ਹੋਏ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਕ ਘਟਨਾਂ ਵੀ ਸਾਹਮਣੇ ਨਹੀ ਆਈ ਸੀ। ਉਨ੍ਹਾਂ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਲੋਕਾਂ ਵੱਲੋਂ ਨਿਰਪੱਖ ਚੋਣਾਂ ਹੋਣ ਤੇ ਪੰਚਾਇਤਾਂ ਚੁਣੀਆਂ ਗਈਆਂ ਹਨ। ਇਸ ਮੌਕੇ ਵਿਧਾਇਕ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਇਹ ਸੀ ਕਿ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਵਾਲੇ ਪਿੰਡਾਂ ’ਚ ਵੱਧ ਵੱਧ ਵਿਕਾਸ ਦੇ ਕੰਮ ਕਰਵਾਏ ਜਾਣ ਤੇ ਉਨ੍ਹਾਂ ਦਾ ਸਰਕਾਰ ਦੇ ਵੱਲੋਂ ਸਨਮਾਨ ਦੇ ਰੂਪ ’ਚ ਰਾਸ਼ੀ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਪਹਿਲਾ ਵੀ ਸਰਕਾਰ ਦੇ ਵੱਲੋਂ ਵਿਕਾਸ ਕਾਰਜਾ ਦੇ ’ਚ ਕੋਈ ਕਮੀ ਨਹੀ ਛੱਡੀ ਗਈ ਅਤੇ ਬਾਕੀ ਜੇਕਰ ਫਿਰ ਵੀ ਕੋਈ ਕੰਮ ਰਹਿੰਦੇ ਹਨ ਤਾਂ ਉਹ ਵੀ ਆਉਣ ਵਾਲੇ ਸਮੇਂ ’ਚ ਪੂਰੇ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾ ਦੇ ਨਾਲ ਪਿੰਡਾਂ ਦੇ ਸਰਪੰਚ ਸਾਹਿਬਨ , ਪੰਚ ਸਾਹਿਬਾਨ ਤੇ ਬੀ.ਡੀ.ਪੀ.ੳ ਦਫ਼ਤਰ ਦੇ ਮੁਲਾਜ਼ਮ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।