ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਹਾਂਸ਼ਿਵਰਾਤਰੀ ਮਨਾਈ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਹਾਂਸ਼ਿਵਰਾਤਰੀ ਮਨਾਈ ਗਈ
Publish Date: Mon, 16 Feb 2026 05:35 PM (IST)
Updated Date: Mon, 16 Feb 2026 05:39 PM (IST)

ਹੈਪੀ ਕਾਠਪਾਲ.ਪੰਜਾਬੀ ਜਾਗਰਣ ਫਾਜ਼ਿਲਕਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸ਼ਿਵ ਭਵਨ ਜਲਾਲਾਬਾਦ ਵਿੱਚ ਮਹਾਂਸ਼ਿਵਰਾਤਰੀ ਦੇ ਪਵਿੱਤਰ ਮੌਕੇ ਇੱਕ ਵਿਸ਼ੇਸ਼ ਆਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪਾਵਨ ਅਵਸਰ ’ਤੇ ਭਾਰੀ ਸੰਖਿਆ ਵਿੱਚ ਸੰਗਤ ਨੇ ਸ਼ਿਰਕਤ ਕਰਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਆਨੰਦ ਮਾਣਿਆ। ਸਮਾਗਮ ਦੌਰਾਨ ਭਗਤੀਮਈ ਵਾਤਾਵਰਣ ਵਿੱਚ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਸਾਰਾ ਪੰਡਾਲ ਗੂੰਜ ਉਠਿਆ।ਆਸ਼ੂਤੋਸ਼ ਮਹਾਰਾਜ ਦੀ ਪਰਮ ਸ਼ਿਸ਼ ਸਾਧਵੀ ਪ੍ਰੀਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼ਿਵਰਾਤਰੀ ਦੇ ਅਧਿਆਤਮਿਕ ਮਹੱਤਵ ਬਾਰੇ ਵਿਸਥਾਰ ਨਾਲ ਚਾਨਣ ਪਾਇਆ। ਉਨ੍ਹਾਂ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਅੰਦਰਲੇ ਅੰਧਕਾਰ ਨੂੰ ਮਿਟਾ ਕੇ ਆਤਮਿਕ ਜਾਗਰਤੀ ਪ੍ਰਾਪਤ ਕਰਨ ਦਾ ਪਵਿੱਤਰ ਅਵਸਰ ਹੈ। ਭਗਵਾਨ ਸ਼ਿਵ ਵੈਰਾਗ, ਤਿਆਗ ਅਤੇ ਅਡੋਲਤਾ ਦੇ ਪ੍ਰਤੀਕ ਹਨ। ਸ਼ਿਵਰਾਤਰੀ ਦੀ ਰਾਤ ਮਨੁੱਖ ਨੂੰ ਅਪਨੇ ਅੰਦਰ ਝਾਤ ਮਾਰ ਕੇ ਪਰਮਾਤਮਾ ਨਾਲ ਜੋੜ ਬਣਾਉਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਭਗਵਾਨ ਸ਼ਿਵ ਨੇ ਸਦਾ ਪੂਰਨ ਗੁਰੂ ਦੀ ਮਹੱਤਤਾ ਨੂੰ ਦਰਸਾਇਆ ਹੈ। ਧਾਰਮਿਕ ਗ੍ਰੰਥਾਂ ਵਿੱਚ ਵੀ ਵਰਣਨ ਹੈ ਕਿ ਬਿਨਾਂ ਪੂਰਨ ਗੁਰੂ ਦੀ ਕਿਰਪਾ ਦੇ ਆਤਮ ਗਿਆਨ ਦੀ ਪ੍ਰਾਪਤੀ ਸੰਭਵ ਨਹੀਂ। ਪੂਰਨ ਗੁਰੂ ਹੀ ਜੀਵਾਤਮਾ ਨੂੰ ਅਗਿਆਨਤਾ ਦੇ ਅੰਧਕਾਰ ਤੋਂ ਕੱਢ ਕੇ ਪਰਮਾਤਮਾ ਦੇ ਸੱਚੇ ਸਰੂਪ ਨਾਲ ਜੋੜਦਾ ਹੈ।ਇਸ ਮੌਕੇ ਸਾਧਵੀ ਅਮਰਾ ਭਾਰਤੀ ਨੇ ਸ਼ਿਵ ਮਹਿਮਾ ਵਿੱਚ ਭਾਵਭਰੇ ਭਜਨ ਕੀਰਤਨ ਦਾ ਗਾਇਨ ਕੀਤਾ। ਉਨ੍ਹਾਂ ਦੇ ਸੁਰਾਂ ਨੇ ਸੰਗਤ ਨੂੰ ਭਗਤੀ ਰਸ ਵਿੱਚ ਡੁੱਬੋ ਦਿੱਤਾ ਅਤੇ ਸਾਰਾ ਮਾਹੌਲ ਆਧਿਆਤਮਿਕ ਉਤਸ਼ਾਹ ਨਾਲ ਭਰ ਗਿਆ। ਸੰਗਤ ਨੇ ਭਜਨਾਂ ’ਤੇ ਝੂਮਦਿਆਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ।ਸਮਾਗਮ ਵਿੱਚ ਸੁਖਧਾਮ ਸਭਾ ਦੇ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਵਲੇਚਾ, ਦਰਸ਼ਨ ਵਧਵਾ , ਅਸ਼ੋਕ ਅਨੇਜਾ, ਰਾਜੇਸ਼ ਚੁੱਘ ਅਤੇ ਸਾਰੇ ਮੈਬਰਾਂ ਵਲੋਂ ਸਾਧਵੀ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਭ ਨੇ ਮਿਲ ਕੇ ਸ਼ਾਂਤੀ, ਸੁਖ-ਸਮ੍ਰਿੱਧੀ ਅਤੇ ਵਿਸ਼ਵ ਕਲਿਆਣ ਲਈ ਅਰਦਾਸ ਕੀਤੀ ਅਤੇ ਮਹਾਂਸ਼ਿਵਰਾਤਰੀ ਦੇ ਇਸ ਪਾਵਨ ਅਵਸਰ ਨੂੰ ਆਤਮਿਕ ਉਤਸਵ ਵਜੋਂ ਮਨਾਇਆ।