ਭਗਵਾਨ ਰਾਮ ਦਾ ਜੀਵਨ ਸੱਚ, ਤਿਆਗ ਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਦਿੰਦਾ ਪ੍ਰੇਰਨਾ : ਆਵਲਾ ਭਗਵਾਨ ਸ੍ਰੀ ਰਾਮ ਦਾ ਜੀਵਨ ਸੱਚ, ਤਿਆਗ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਣ ਦੀ ਦਿੰਦਾ ਹੈ ਪ੍ਰੇਰਨਾ : ਰਮਿੰਦਰ ਸਿੰਘ ਆਵਲਾ
Publish Date: Fri, 16 Oct 2026 04:15 PM (IST)
Updated Date: Fri, 16 Oct 2026 04:18 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਸ਼੍ਰੀ ਬਾਲਾਜੀ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਬੀਤੀ ਰਾਤ ਦੀ ਪੇਸ਼ਕਾਰੀ ਦਾ ਉਦਘਾਟਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਆਦਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦਾ ਜੀਵਨ ਸੱਚ, ਤਿਆਗ, ਫ਼ਰਜ਼ਾਂ ਪ੍ਰਤੀ ਵਫ਼ਾਦਾਰੀ ਅਤੇ ਮਰਿਆਦਾ ਦਾ ਪ੍ਰਤੀਕ ਹੈ। ਉਨ੍ਹਾਂ ਦੇ ਜੀਵਨ ਤੋਂ ਹਰੇਕ ਵਿਅਕਤੀ ਨੂੰ ਆਪਣੇ ਫ਼ਰਜ਼ਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਅਤੇ ਸਮਾਜ ਵਿੱਚ ਪ੍ਰੇਮ, ਸਦਭਾਵਨਾ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਆਵਲਾ ਨੇ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਭਾਰਤੀ ਸੱਭਿਆਚਾਰ, ਸੱਭਿਅਤਾ ਅਤੇ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ। ਅਜਿਹੇ ਸਮਾਗਮਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਅਪਣਾਉਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ, ਆਪਸੀ ਸਦਭਾਵਨਾ ਅਤੇ ਸੰਸਕਾਰਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਨੇ ਸ੍ਰੀ ਬਾਲਾਜੀ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਅਜਿਹੀਆਂ ਸੰਸਥਾਵਾਂ ਸਮਾਜ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਨੂੰ ਰਾਮਲੀਲਾ ਦੇ ਸਫ਼ਲ ਆਯੋਜਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਬੰਟੀ ਵਾਟਸ, ਜਤਿੰਦਰ ਇੱਛਾਪੁਜਾਨੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਕਾਸਦੀਪ ਚੌਧਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਰਾਮਲੀਲਾ ਕਮੇਟੀ ਦੇ ਪ੍ਰਧਾਨ ਸੁਮਿਤ ਕੁੱਕੜ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਕਮੇਟੀ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਰਾਮਲੀਲਾ ਦੇ ਮੰਚਨ ਦਾ ਆਨੰਦ ਮਾਣਿਆ। ਸ੍ਰੀ ਬਾਲਾਜੀ ਰਾਮਲੀਲਾ ਕਮੇਟੀ ਵੱਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੌਰਾਨ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ।