ਫਾਜ਼ਿਲਕਾ ਦੇ ਵੱਖ-ਵੱਖ ਮੰਦਰਾਂ ਤੇ ਰਿੱਧੀ-ਸਿੱਧੀ ਗਣੇਸ਼ ਮੰਡਲੀ ’ਚ ਵਿਰਾਜਮਾਨ ਹੋਏ ਸ਼੍ਰੀ ਗਣੇਸ਼ ਫਾਜ਼ਿਲਕਾ ਦੇ ਵੱਖ-ਵੱਖ ਮੰਦਰਾਂ ਤੇ ਰਿੱਧੀ-ਸਿੱਧੀ ਗਣੇਸ਼ ਮੰਡਲੀ ’ਚ ਵਿਰਾਜਮਾਨ ਹੋਏ ਗਣੇਸ਼ ਜੀ ਮਹਾਰਾਜ
Publish Date: Mon, 14 Sep 2026 05:11 PM (IST)
Updated Date: Mon, 14 Sep 2026 05:14 PM (IST)
ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਗਣੇਸ਼ ਉਤਸਵ ਨੂੰ ਲੈ ਕੇ ਫਾਜ਼ਿਲਕਾ ਸ਼ਹਿਰ ਵਿੱਚ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਵੱਖ-ਵੱਖ ਮੰਦਰਾਂ ਤੋਂ ਇਲਾਵਾ ਗਲੀ ਚੌਧਰੀਆਂ ਸਥਿਤ ਰਿੱਧੀ-ਸਿੱਧੀ ਗਣੇਸ਼ ਮੰਡਲੀ ਵਿਖੇ ਗਣੇਸ਼ ਜੀ ਮਹਾਰਾਜ ਦੀ ਵਿਧੀਵਤ ਸਥਾਪਨਾ ਕਰਕੇ ਉਨ੍ਹਾਂ ਨੂੰ ਵਿਰਾਜਮਾਨ ਕਰਵਾਇਆ ਗਿਆ। ਇਸ ਮੌਕੇ ਮੰਡਲੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਵੱਲੋਂ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਪੂਜਾ-ਅਰਚਨਾ ਕੀਤੀ ਗਈ। ਗਣੇਸ਼ ਜੀ ਦੀ ਸਥਾਪਨਾ ਮੌਕੇ ਮੰਤਰ ਉਚਾਰਨ, ਪੂਜਾ ਅਤੇ ਆਰਤੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗਣੇਸ਼ ਜੀ ਮਹਾਰਾਜ ਦੀ ਮੂਰਤੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਜਾਣਕਾਰੀ ਦਿੰਦਿਆਂ ਰਿੱਧੀ-ਸਿੱਧੀ ਗਣੇਸ਼ ਮੰਡਲੀ ਦੇ ਰਾਕੇਸ਼ ਬਠੇਜਾ ਨੇ ਦੱਸਿਆ ਕਿ ਗਣੇਸ਼ ਉਤਸਵ ਦੌਰਾਨ 10 ਦਿਨਾਂ ਤੱਕ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਰੋਜ਼ਾਨਾ ਪੂਜਾ-ਅਰਚਨਾ, ਆਰਤੀ ਅਤੇ ਹੋਰ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮੰਡਲੀ ਵੱਲੋਂ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਗਣੇਸ਼ ਉਤਸਵ ਦਾ ਮਕਸਦ ਲੋਕਾਂ ਨੂੰ ਧਾਰਮਿਕ ਅਤੇ ਸਮਾਜਿਕ ਤੌਰ ’ਤੇ ਇਕਜੁੱਟ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਗਣੇਸ਼ ਉਤਸਵ ਦੌਰਾਨ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੰਡਲੀ ਦੇ ਮੈਂਬਰਾਂ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗਣੇਸ਼ ਜੀ ਦੀ ਸਥਾਪਨਾ ਮਗਰੋਂ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ‘ਗਣਪਤੀ ਬੱਪਾ ਮੋਰੀਆ’ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ।