- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਵਿਸ਼ਾਲ ਨੇ ਸਤਿਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਮਨਾਈ ਦੀਵਾਲੀ
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ
ਫਾਜ਼ਿਲਕਾ : ਲਾਇਨਜ਼ ਕਲੱਬ ਫਾਜ਼ਿਲਕਾ (ਵਿਸ਼ਾਲ) ਵੱਲੋਂ ਸਤਿਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ, ਫਾਜ਼ਿਲਕਾ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਮਠਿਆਈ ਅਤੇ ਕੱਪੜੇ ਵੰਡ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਸਮਾਗਮ ਦੇ ਆਯੋਜਨ ਵਿੱਚ ਮੁੰਬਈ ਵਾਸੀ ਘਨਸ਼ਿਆਮ ਸਿੰਘ ਨਾਰੰਗ ਵੱਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਸਕੂਲ ਦੇ ਮੁੱਖ ਅਧਿਆਪਕ ਅਤੇ ਲਾਇਨਜ਼ ਕਲੱਬ (ਵਿਸ਼ਾਲ) ਦੇ ਸਕੱਤਰ ਐਮਜੇਐਫ ਸੰਜੀਵ ਕੁਮਾਰ ਗਰੋਵਰ ਨੇ ਦੱਸਿਆ ਕਿ ਘਨਸ਼ਿਆਮ ਸਿੰਘ ਨਾਰੰਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੀ ਦੀਵਾਲੀ ਖੁਸ਼ੀਆਂ ਭਰੀ ਬਣਾਉਣ ਵਿੱਚ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 40 ਸਾਲਾਂ ਤੋਂ ਮੁੰਬਈ ਵਿਖੇ ਰਹਿ ਰਹੇ ਨਾਰੰਗ ਆਮਦਨ ਕਰ ਵਕੀਲ ਦੇ ਅਹੁਦੇ ਤੋਂ ਸੇਵਾਮੁਕਤ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਵੱਲੋਂ ਸਕੂਲ ਨੂੰ ਤਿੰਨ ਲੱਖ ਰੁਪਏ ਦੀ ਐੱਫ.ਡੀ.ਆਰ. ਭੇਟ ਕੀਤੀ ਗਈ ਸੀ। ਉਨ੍ਹਾਂ ਦੀ ਇੱਛਾ ਅਨੁਸਾਰ ਇਸ ਐੱਫ.ਡੀ.ਆਰ. ਤੋਂ ਪ੍ਰਾਪਤ ਹੋਣ ਵਾਲੀ ਸਾਲਾਨਾ ਵਿਆਜ ਦੀ ਰਕਮ ਨਾਲ ਹਰ ਸਾਲ ਬੱਚਿਆਂ ਨੂੰ ਮਠਿਆਈ ਅਤੇ ਪਟਾਕੇ ਵੰਡ ਕੇ ਦੀਵਾਲੀ ਮਨਾਈ ਜਾਂਦੀ ਹੈ।
ਇਸ ਮੌਕੇ ਸਕੂਲ ਦੇ ਬਾਹਰ ਦੁਕਾਨ ਚਲਾਉਣ ਵਾਲੇ ਰਾਮ ਲੁਭਾਇਆ ਵੱਲੋਂ ਵੀ ਬੱਚਿਆਂ ਨੂੰ ਕੱਪੜੇ ਭੇਟ ਕੀਤੇ ਗਏ। ਕਲੱਬ ਅਤੇ ਸਕੂਲ ਦੇ ਮੈਂਬਰਾਂ ਨੇ ਉਨ੍ਹਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਧੰਨਵਾਦ ਕੀਤਾ।
ਲਾਇਨਜ਼ ਕਲੱਬ (ਵਿਸ਼ਾਲ) ਦੇ ਪ੍ਰਧਾਨ ਅਸ਼ੋਕ ਵਾਟਸ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਹਿਯੋਗ ਦਾ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ, ਜਰਸੀਆਂ ਅਤੇ ਜੁੱਤੇ ਵੀ ਵੰਡੇ ਜਾਣਗੇ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਸ਼ਵਨੀ ਕੁੱਕੜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਤੋਂ ਮਿਲੇ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਸਹਿਯੋਗੀਆਂ ਦੀ ਮਦਦ ਨਾਲ ਸਕੂਲ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਐਡਵੋਕੇਟ ਸ਼ੇਖਰ ਛਾਬੜਾ, ਸਤੀਸ਼ ਸਚਦੇਵਾ, ਓ.ਪੀ. ਸਚਦੇਵਾ, ਨੀਲਮ ਸਚਦੇਵਾ, ਮਹੇਸ਼ ਬੱਬਰ, ਅਭੀ ਧੂਮੜਾ, ਅਸ਼ਵਨੀ ਆਹੂਜਾ, ਨਰੇਸ਼ ਜੁਨੇਜਾ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਰੋਜ ਕੁਮਾਰੀ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ਼ ਵੱਲੋਂ ਰਜਨੀ, ਰਿੰਕੀ, ਪੂਨਮ ਰਾਣੀ, ਪੂਜਾ, ਕੰਚਨ ਰਾਣੀ ਅਤੇ ਦਿਨੇਸ਼ ਤੋਂ ਇਲਾਵਾ ਕੁੱਕ-ਕਮ-ਹੈਲਪਰ ਸ਼ਿਵਕਲੀ, ਸੁਸ਼ਮਾ ਰਾਣੀ ਅਤੇ ਸੀਮਾ ਰਾਣੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।