ਡਾ. ਰਾਧਾਕ੍ਰਿਸ਼ਨਨ ਨੂੰ ਫੁੱਲਮਾਲਾਵਾਂ ਭੇਟ ਕਰ ਅਧਿਆਪਕਾਂ ਦੇ ਯੋਗਦਾਨ ਨੂੰ ਕੀਤਾ ਨਮਨ ਲਾਇੰਸ ਕਲੱਬ ਵਿਸ਼ਾਲ ਨੇ ਮਨਾਇਆ ਅਧਿਆਪਕ ਦਿਵਸ
Publish Date: Sat, 05 Sep 2026 05:15 PM (IST)
Updated Date: Sat, 05 Sep 2026 05:16 PM (IST)
ਨਰੇਸ਼ ਕੁਮਾਰ ਕਾਮਰਾ .ਪੰਜਾਬੀ ਜਾਗਰਣ ਫਾਜ਼ਿਲਕਾ : ਸਮਾਜਸੇਵੀ ਸੰਸਥਾ ਲਾਇੰਸ ਕਲੱਬ ਫਾਜ਼ਿਲਕਾ ਵਿਸ਼ਾਲ ਵੱਲੋਂ ਅਧਿਆਪਕ ਦਿਵਸ ਮੌਕੇ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਕਾਰਜਕਾਰੀ ਪ੍ਰਧਾਨ ਮਹੇਸ਼ ਬੱਬਰ ਨੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਿਚੰਦ ਕੰਬੋਜ ਅਤੇ ਕਲੱਬ ਦੇ ਮੈਂਬਰਾਂ ਨੇ ਸਕੂਲ ਕੰਪਲੈਕਸ ਵਿੱਚ ਸਥਾਪਤ ਮਹਾਨ ਸਿੱਖਿਆ ਸ਼ਾਸਤਰੀ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਪ੍ਰਤਿਮਾ ’ਤੇ ਫੁੱਲਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕੀਤਾ। ਇਸ ਮੌਕੇ ਪ੍ਰਿੰਸੀਪਲ ਹਰਿਚੰਦ ਕੰਬੋਜ ਨੇ ਲਾਇੰਸ ਕਲੱਬ (ਵਿਸ਼ਾਲ) ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਵਿੱਚ ਸੰਸਕਾਰ, ਅਨੁਸ਼ਾਸਨ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਭਾਵਨਾ ਵੀ ਪੈਦਾ ਕਰਦੇ ਹਨ। ਉਨ੍ਹਾਂ ਅਧਿਆਪਕ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਦਾਰਸ਼ਨਿਕ, ਸਿੱਖਿਆ ਸ਼ਾਸਤਰੀ ਅਤੇ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਜੈਅੰਤੀ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਦਾ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਅਤੇ ਉਨ੍ਹਾਂ ਨੇ ਹਮੇਸ਼ਾ ਅਧਿਆਪਕਾਂ ਦੇ ਸਨਮਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਪ੍ਰਿੰਸੀਪਲ ਕੰਬੋਜ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਮਜ਼ਬੂਤ ਨੀਂਹ ਤਿਆਰ ਕਰਨ ਦਾ ਕੰਮ ਕਰਦੇ ਹਨ। ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਲਾਇੰਸ ਕਲੱਬ ਫਾਜ਼ਿਲਕਾ (ਵਿਸ਼ਾਲ) ਦੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਪ੍ਰਿੰਸੀਪਲ ਅਸ਼ਵਨੀ ਆਹੂਜਾ, ਚੇਅਰਮੈਨ ਨਰਿੰਦਰ ਸਚਦੇਵਾ, ਕੁਲਦੀਪ ਗਰੋਵਰ, ਐਡਵੋਕੇਟ ਸ਼ੇਖਰ ਛਾਬੜਾ, ਓ.ਪੀ. ਸਚਦੇਵਾ, ਨੀਲਮ ਸਚਦੇਵਾ, ਸਤੀਸ਼ ਸਚਦੇਵਾ, ਸੁਖਵਿੰਦਰ ਸ਼ਾਹ, ਵਾਈਸ ਪ੍ਰਿੰਸੀਪਲ ਜੋਗਿੰਦਰ ਪਾਲ, ਵਿਕਾਸ ਡਾਗਾ, ਰਾਕੇਸ਼ ਜੁਨੇਜਾ, ਰਾਜੇਸ਼ ਤਨੇਜਾ, ਸੰਦੀਪ ਅਨੇਜਾ, ਸੰਜੀਵ ਗਰੋਵਰ, ਗੁਰਪ੍ਰੀਤ ਸਿੰਘ, ਵਿਕਾਸ ਛਾਬੜਾ, ਸਮੀਰ ਕੁਮਾਰ, ਅਜੇ ਗੁਪਤਾ, ਵਿਜੈ ਗੁਪਤਾ, ਮੈਡਮ ਸੁਧਾਵਾਲਾ, ਮੈਡਮ ਰਮਨਦੀਪ ਕੌਰ, ਮੈਡਮ ਮੀਨੂ ਬਾਲਾ, ਦੇਵਿੰਦਰ ਮਾਨ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।