7ਵੀਂ ਅਬੋਹਰ ਮੈਰਾਥਨ ਦੀ ਟੀ-ਸ਼ਰਟ ਤੇ ਮੈਡਲ ਲਾਂਚ ਸੱਤਵੀਂ ਅਬੋਹਰ ਮੈਰਾਥਨ ਦੀ ਟੀ-ਸ਼ਰਟ ਅਤੇ ਮੈਡਲ ਲਾਂਚ
Publish Date: Sat, 17 Oct 2026 05:17 PM (IST)
Updated Date: Sat, 17 Oct 2026 05:18 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਜਾਖੜ ਟਰੱਸਟ ਵੱਲੋਂ ਕਰਵਾਈ ਜਾ ਰਹੀ 7ਵੀਂ ਅਬੋਹਰ ਮੈਰਾਥਨ ਦਾ ਵਿਧਾਇਕ ਸੰਦੀਪ ਜਾਖੜ ਵੱਲੋਂ ਟੀ-ਸ਼ਰਟ ਅਤੇ ਮੈਡਲ ਲਾਂਚ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਖੁਦ ਵੀ 10 ਕਿਲੋਮੀਟਰ ਦੀ ਪ੍ਰੈਕਟਿਸ ਰਨ ਵਿੱਚ ਹਿੱਸਾ ਲੈ ਕੇ ਲੋਕਾਂ ਨੂੰ ਫਿਟਨੈੱਸ, ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ। ਮੈਰਾਥਨ ਪਹਿਲੀ ਨਵੰਬਰ ਨੂੰ ਕਰਵਾਈ ਜਾਵੇਗੀ, ਜਿਸ ਦੀ ਸ਼ੁਰੂਆਤ ਸਵੇਰੇ 5:30 ਵਜੇ ਸ਼ਹੀਦ ਊਧਮ ਸਿੰਘ ਚੌਕ ਤੋਂ ਹੋਵੇਗੀ। ਇਸ ਮੌਕੇ ਵਿਧਾਇਕ ਜਾਖੜ ਨੇ ਕਿਹਾ ਕਿ ਦੌੜਨਾ ਸਿਰਫ਼ ਇੱਕ ਖੇਡ ਗਤੀਵਿਧੀ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ ਵੱਲ ਵਧਾਇਆ ਗਿਆ ਇੱਕ ਅਹਿਮ ਕਦਮ ਹੈ। ਅਜਿਹੇ ਸਮਾਗਮਾਂ ਨਾਲ ਲੋਕਾਂ ਵਿੱਚ ਤੰਦਰੁਸਤ ਰਹਿਣ ਦੀ ਆਦਤ ਵਿਕਸਤ ਹੁੰਦੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਮੈਰਾਥਨ ਸ਼ਹਿਰ ਦੇ ਲੋਕਾਂ ਨੂੰ ਇੱਕ ਮੰਚ ’ਤੇ ਜੋੜਨ ਦਾ ਵੀ ਵਧੀਆ ਮੌਕਾ ਹੈ, ਜਿੱਥੇ ਬੱਚੇ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਆਪਣੀ ਸਮਰੱਥਾ ਅਨੁਸਾਰ ਹਿੱਸਾ ਲੈ ਕੇ ਫਿਟਨੈੱਸ ਪ੍ਰਤੀ ਆਪਣੀ ਵਚਨਬੱਧਤਾ ਦਿਖਾ ਸਕਦੇ ਹਨ। ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾਲ ਇਸ ਸਮਾਗਮ ਨੂੰ ਹੋਰ ਵੀ ਵਿਆਪਕ ਬਣਾਇਆ ਜਾ ਸਕਦਾ ਹੈ। ਕਈ ਟੀਮਾਂ ਨੇ ਪ੍ਰੈਕਟਿਸ ਰਨ ’ਚ ਕੀਤੀ ਸ਼ਮੂਲੀਅਤ ਟੀ-ਸ਼ਰਟ ਅਤੇ ਮੈਡਲ ਲਾਂਚ ਕਰਨ ਅਤੇ ਪ੍ਰੈਕਟਿਸ ਰਨ ਦੌਰਾਨ ਵਿਕਾਸ ਸਿੰਗਲਾ, ਬੱਬੂ ਓਸ਼ੋ, ਦੀਪਕ ਬਾਂਸਲ, ਹਰਦੇਵ ਸਿੰਘ, ਸੀਆ ਸਹਾਰਨ, ਸੁਭਾਸ਼ ਬਾਵਾ, ਰਾਧੇ ਸਿੰਘ, ਪਰਮਪਾਲ ਸਿੰਘ, ਸ਼ਮਸ਼ੇਰ ਢਿੱਲੋਂ, ਵਰਿੰਦਰ ਤਨੇਜਾ, ਇੰਦਰ ਸਾਰਸਵਤ, ਅਮਨ ਮੂੰਡ, ਮਾਨਕ ਸ਼ਾਹ ਅਤੇ ਗੋਰਾ ਅਰਨੀਵਾਲਾ ਆਪਣੀਆਂ ਟੀਮਾਂ ਸਮੇਤ ਪਹੁੰਚੇ। ਇਸ ਮੌਕੇ ਟੀਮ ਐੱਸਜੇ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਜਾਖੜ ਟਰੱਸਟ ਵੱਲੋਂ ਸ਼ਹਿਰ ਵਾਸੀਆਂ ਨੂੰ ਮੈਰਾਥਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਾਲ ਫਿਟਨੈੱਸ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਅਬੋਹਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 1 ਨਵੰਬਰ ਨੂੰ ਸਵੇਰੇ ਸ਼ਹੀਦ ਊਧਮ ਸਿੰਘ ਚੌਕ ਪਹੁੰਚ ਕੇ ਸੱਤਵੀਂ ਅਬੋਹਰ ਮੈਰਾਥਨ ਦਾ ਹਿੱਸਾ ਬਣਨ।