ਕਿਰਤੀ ਕਿਸਾਨ ਯੂਨੀਅਨ ਬਲਾਕ ਜਲਾਲਾਬਾਦ-ਗੁਰੂਹਰਸਹਾਏ ਦਾ ਇਜਲਾਸ ਕਿਰਤੀ ਕਿਸਾਨ ਯੂਨੀਅਨ ਬਲਾਕ ਜਲਾਲਾਬਾਦ-ਗੁਰੂਹਰਸਹਾਏ ਦਾ ਇਜਲਾਸ
Publish Date: Sun, 09 Aug 2026 04:14 PM (IST)
Updated Date: Sun, 09 Aug 2026 04:17 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਕਿਰਤੀ ਕਿਸਾਨ ਯੂਨੀਅਨ ਬਲਾਕ ਜਲਾਲਾਬਾਦ-ਗੁਰੂਹਰਸਹਾਏ ਦਾ ਇਜਲਾਸ ਕਰਵਾਇਆ ਗਿਆ। ਇਜਲਾਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਚੋਣ ਅਬਜ਼ਰਵਰ ਵਜੋਂ ਸ਼ਾਮਲ ਹੋਏ। ਇਜਲਾਸ ਉਪਰੰਤ 13 ਮੈਂਬਰੀ ਨਵੀਂ ਬਲਾਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਨਵੀਂ ਚੁਣੀ ਕਮੇਟੀ ਵਿੱਚ ਡਾ. ਗੁਰਪ੍ਰੀਤ ਸਿੰਘ ਸੁਵਾਹ ਵਾਲਾ ਨੂੰ ਬਲਾਕ ਪ੍ਰਧਾਨ, ਬਲਵੀਰ ਸਿੰਘ ਬੱਗੇ ਕੇ ਨੂੰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਪੰਨੀ ਕੜਾਈ ਵਾਲਾ ਨੂੰ ਖ਼ਜ਼ਾਨਚੀ ਅਤੇ ਮੇਹਰ ਸਿੰਘ ਹੱਡੀ ਵਾਲਾ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਝਾੜੀ ਵਾਲਾ, ਬਲਵਿੰਦਰ ਸਿੰਘ ਚੱਕ ਸੈਦੋਕੇ, ਪ੍ਰਿਤਪਾਲ ਸਿੰਘ ਚੱਕ ਸੈਦੋਕੇ, ਦਲਜੀਤ ਸਿੰਘ ਪੰਨੀ ਕੜਾਈ ਵਾਲਾ, ਅਸ਼ਵਨੀ ਕੁਮਾਰ ਸੁਵਾਹ ਵਾਲਾ ਅਤੇ ਪਵਨਦੀਪ ਸਿੰਘ ਝਾੜੀ ਵਾਲਾ ਨੂੰ ਬਲਾਕ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਅਤੇ ਔਰਤ ਵਿੰਗ ਦੀ ਆਗੂ ਰਾਜ ਕੌਰ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਗੰਭੀਰ ਖੇਤੀ ਸੰਕਟ ਵਿੱਚੋਂ ਲੰਘ ਰਿਹਾ ਹੈ। ਖੇਤੀ ਦੀਆਂ ਲਾਗਤਾਂ ਲਗਾਤਾਰ ਵਧ ਰਹੀਆਂ ਹਨ, ਜਦਕਿ ਕਿਸਾਨਾਂ ਨੂੰ ਫ਼ਸਲਾਂ ਦਾ ਵਾਜਬ ਅਤੇ ਯਕੀਨੀ ਮੁੱਲ ਨਹੀਂ ਮਿਲ ਰਿਹਾ। ਮਹਿੰਗੀ ਖੇਤੀ ਸਮੱਗਰੀ, ਕਰਜ਼ੇ ਦਾ ਬੋਝ, ਮੰਡੀਕਰਨ ਦੀਆਂ ਸਮੱਸਿਆਵਾਂ ਅਤੇ ਕੁਦਰਤੀ ਸਰੋਤਾਂ ਦੇ ਵਿਗੜ ਰਹੇ ਸੰਤੁਲਨ ਨੇ ਕਿਸਾਨੀ ਦੀਆਂ ਮੁਸ਼ਕਲਾਂ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਬੇਹੱਦ ਗੰਭੀਰ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀਆਂ ਦੀ ਰਾਖੀ ਲਈ ਠੋਸ ਅਤੇ ਲੋਕ-ਪੱਖੀ ਨੀਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਣੀ, ਜ਼ਮੀਨ ਅਤੇ ਹੋਰ ਕੁਦਰਤੀ ਸਰੋਤਾਂ ਦੀ ਰਾਖੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨੀ ਸੰਕਟ ਦਾ ਹੱਲ ਸਿਰਫ਼ ਸਰਕਾਰੀ ਐਲਾਨਾਂ ਨਾਲ ਨਹੀਂ ਹੋ ਸਕਦਾ। ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਮਜ਼ਬੂਤ ਕਰਕੇ ਆਪਣੇ ਹੱਕਾਂ ਲਈ ਸੰਘਰਸ਼ ਨੂੰ ਅੱਗੇ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਦਾ ਮੁੱਖ ਉਦੇਸ਼ ਪਿੰਡ ਪੱਧਰ ਤੱਕ ਜਥੇਬੰਦੀ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰਨਾ ਅਤੇ ਖੇਤੀ ਸੰਕਟ, ਪਾਣੀਆਂ, ਜ਼ਮੀਨ ਤੇ ਕਰਜ਼ੇ ਸਮੇਤ ਹੋਰ ਲੋਕ-ਮਸਲਿਆਂ ’ਤੇ ਸੰਘਰਸ਼ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੀਆਂ ਨੀਤੀਆਂ ਅਤੇ ਵਿਚਾਰਾਂ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਉਣ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਜਥੇਬੰਦਕ ਸੰਘਰਸ਼ ਨਾਲ ਜੋੜਨ ਦਾ ਸੱਦਾ ਦਿੱਤਾ। ਇਸ ਮੌਕੇ 14 ਅਗਸਤ ਨੂੰ ਜ਼ਿਲ੍ਹਾ ਪੱਧਰੀ ਇਜਲਾਸ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਲਾਲਾਬਾਦ ਬਲਾਕ ਪ੍ਰਧਾਨ ਹਰਮੀਤ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ ਤਾਰੇ ਵਾਲਾ, ਬਲਰਾਜ ਸਿੰਘ ਜੰਡਵਾਲਾ, ਜਗਵੀਰ ਸਿੰਘ, ਗੁਰਵਿੰਦਰ ਸਿੰਘ ਜਾਨੀਸਰ, ਮੋਹਨ ਸਿੰਘ ਅਰਨੀਵਾਲਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।