ਰੰਗਲਾ ਪੰਜਾਬ’ ਦੀਆਂ ਗ੍ਰਾਂਟਾਂ ਤੋਂ ਅਬੋਹਰ ਨੂੰ ਬਾਹਰ ਰੱਖਣਾ ਭੇਦਭਾਵ ਦੀ ਮਿਸਾਲ : ਵਿਧਾਇਕ ਜਾਖੜ ਰੰਗਲਾ ਪੰਜਾਬ’ ਦੀਆਂ ਗ੍ਰਾਂਟਾਂ ਤੋਂ ਅਬੋਹਰ ਨੂੰ ਬਾਹਰ ਰੱਖਣਾ ਭੇਦਭਾਵ ਦੀ ਮਿਸਾਲ : ਵਿਧਾਇਕ ਸੰਦੀਪ ਜਾਖੜ
Publish Date: Fri, 11 Sep 2026 03:36 PM (IST)
Updated Date: Fri, 11 Sep 2026 03:37 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਵਿਧਾਇਕ ਸੰਦੀਪ ਜਾਖੜ ਨੇ ਪੰਜਾਬ ਸਰਕਾਰ ਤੇ ਅਬੋਹਰ ਨਾਲ ਲਗਾਤਾਰ ਭੇਦਭਾਵ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਗੱਲ ਕਰਦੇ ਹਨ, ਪਰ ਸਰਕਾਰ ਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਬੋਹਰ ਵੀ ਪੰਜਾਬ ਦਾ ਹੀ ਹਿੱਸਾ ਹੈ। ਵਿਧਾਇਕ ਜਾਖੜ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਹੋਰਨਾਂ ਸ਼ਹਿਰਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਦਕਿ ਅਬੋਹਰ ਨੂੰ ਲਗਾਤਾਰ ਵਿਕਾਸ ਕਾਰਜਾਂ ਅਤੇ ਗ੍ਰਾਂਟਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਜ਼ਿਲ੍ਹੇ ਦੇ ਹੋਰਨਾਂ ਸ਼ਹਿਰਾਂ ਨੂੰ ਕਰੀਬ 5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ ਤਾਂ ਅਬੋਹਰ ਨਾਲ ਅਜਿਹਾ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਬੋਹਰ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਹਲਕਾ ਇੰਚਾਰਜ ਬਦਲੇ ਜਾ ਚੁੱਕੇ ਹਨ, ਪਰ ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਸਥਾਨਕ ‘ਆਪ’ ਆਗੂਆਂ ਦੀ ਆਪਣੀ ਹੀ ਸਰਕਾਰ ਵਿੱਚ ਸੁਣਵਾਈ ਨਾ ਹੋਣ ਦੀ ਸਥਿਤੀ ਬਣੀ ਹੋਈ ਹੈ। ਸੰਦੀਪ ਜਾਖੜ ਨੇ ਕਿਹਾ ਕਿ ਨਗਰ ਨਿਗਮ ਅਬੋਹਰ ਵਿੱਚ ਨਾ ਤਾਂ ਸਥਾਈ ਕਮਿਸ਼ਨਰ ਹੈ, ਨਾ ਲੋੜੀਂਦੇ ਅਧਿਕਾਰੀ ਅਤੇ ਨਾ ਹੀ ਵਿਕਾਸ ਕਾਰਜਾਂ ਲਈ ਉਚਿਤ ਗ੍ਰਾਂਟ। ਅਜਿਹੇ ਹਾਲਾਤਾਂ ਵਿੱਚ ਸ਼ਹਿਰ ਦਾ ਵਿਕਾਸ ਕਿਵੇਂ ਹੋਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਅਬੋਹਰ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਸਥਾਨਕ ‘ਆਪ’ ਲੀਡਰਸ਼ਿਪ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅਬੋਹਰ ਦੇ ਲੋਕ ਆਪਣੇ ਹੱਕ ਦੀਆਂ ਗ੍ਰਾਂਟਾਂ ਅਤੇ ਵਿਕਾਸ ਕਾਰਜਾਂ ਦੀ ਮੰਗ ਕਰ ਰਹੇ ਹਨ। ਸਰਕਾਰ ਨੂੰ ਸਿਆਸੀ ਭੇਦਭਾਵ ਛੱਡ ਕੇ ਅਬੋਹਰ ਨੂੰ ਵੀ ਉਸ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ‘ਰੰਗਲਾ ਪੰਜਾਬ’ ਸਿਰਫ਼ ਨਾਅਰਿਆਂ ਨਾਲ ਨਹੀਂ, ਸਗੋਂ ਪੰਜਾਬ ਦੇ ਹਰ ਸ਼ਹਿਰ ਦੇ ਬਰਾਬਰ ਵਿਕਾਸ ਨਾਲ ਬਣੇਗਾ। ਵਿਧਾਇਕ ਜਾਖੜ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਰੀਬ ਚਾਰ ਮਹੀਨੇ ਹੀ ਬਾਕੀ ਰਹਿ ਗਏ ਹਨ ਅਤੇ ਪੰਜਾਬ ਤੇ ਅਬੋਹਰ ਦੇ ਲੋਕ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅਬੋਹਰ ਵਿੱਚ ਰੁਕੇ ਹੋਏ ਸਾਰੇ ਵਿਕਾਸ ਕਾਰਜ ਕਰਵਾਏ ਜਾਣਗੇ।